ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਜੰਤਰ-ਮੰਤਰ ਪਹੁੰਚ ਕੇ ਕੀ ਬੋਲੇ, ਜਾਣੋ ਕਿਹੋ ਜਿਹਾ ਮਾਹੌਲ

ਤਸਵੀਰ ਸਰੋਤ, Getty Images
ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਜੰਤਰ-ਮੰਤਰ ਪਹੁੰਚੇ। ਸ਼ਨੀਵਾਰ ਸਵੇਰੇ ਉਹ ਅਮਰੀਕਾ ਤੋਂ ਦਿੱਲੀ ਪਹੁੰਚੇ ਸਨ।
ਅਭਿਜੀਤ ਦੀਪਕੇ ਨੇ ਜੰਤਰ-ਮੰਤਰ ਪਹੁੰਚ ਕੇ ਆਪਣੇ ਸਮਰਥਕਾਂ ਵਿਚਕਾਰ ਨਾਅਰੇ ਲਗਾਏ।
ਉਨ੍ਹਾਂ ਕਿਹਾ, "ਪਿਛਲੇ 5-10 ਦਿਨਾਂ ਤੋਂ ਲੋਕ ਮੈਨੂੰ ਸਵਾਲ ਕਰ ਰਹੇ ਸਨ ਕਿ ਸੋਸ਼ਲ ਮੀਡੀਆ 'ਤੇ ਪੇਜ ਚਲਾ ਕੇ ਕੀ ਹੋਵੇਗਾ। ਉਨ੍ਹਾਂ ਲੋਕਾਂ ਨੂੰ ਕੈਮਰਾ ਘੁਮਾ ਕੇ ਇਹ ਦਿਖਾ ਦਿਓ ਕਿ ਜੰਤਰ-ਮੰਤਰ 'ਤੇ ਕਿੰਨੇ ਕਾਕਰੋਚ ਘਰਾਂ ਤੋਂ ਬਾਹਰ ਨਿਕਲ ਕੇ ਆਏ ਹਨ।"
ਉਨ੍ਹਾਂ ਨੇ ਦਾਅਵਾ ਕੀਤਾ, "ਮਹਿਜ਼ ਇੱਕ-ਦੋ ਦਿਨ 'ਚ ਸਾਡੇ ਨਾਲ ਲੱਖਾਂ ਵਿਦਿਆਰਥੀ ਹੋਣਗੇ। ਇਹ ਕਾਕਰੋਚ ਜਨਤਾ ਪਾਰਟੀ ਕੋਈ ਪਲਾਨ ਕੀਤੀ ਹੋਈ ਪਾਰਟੀ ਨਹੀਂ ਹੈ। ਇਹ ਹਰ ਇੱਕ ਵਿਦਿਆਰਥੀ ਦੀ ਆਵਾਜ਼ ਹੈ, ਜੋ ਸਰਕਾਰ ਤੋਂ ਨਰਾਜ਼ ਹੈ।"
ਉਨ੍ਹਾਂ ਨੇ ਕਿਹਾ,"10-12 ਸਾਲ ਤੋਂ ਇਨ੍ਹਾਂ ਲੋਕਾਂ ਨੇ ਸਾਨੂੰ ਹਿੰਦੂ-ਮੁਸਲਮਾਨ ਦੀ ਸਿਆਸਤ ਵਿੱਚ ਫਸਾ ਰੱਖਿਆ, ਇਸ ਨਾਲ ਕਿਸ ਨੂੰ ਫਾਇਦਾ ਹੋਇਆ ? ਕੀ ਹਿੰਦੂ-ਮੁਸਲਮਾਨ ਕਰਨ ਨਾਲ ਦੇਸ਼ 'ਚ ਕਿਸੇ ਨੂੰ ਵੀ ਨੌਕਰੀਆਂ ਮਿਲੀਆਂ ?"
ਕਾਕਰੋਚ ਜਨਤਾ ਪਾਰਟੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਸੀਜੇਪੀ ਨੇ ਆਪਣੇ ਸਮਰਥਕਾਂ ਨੂੰ ਕਿਹਾ ਹੈ ਕਿ "ਅੰਦੋਲਨ ਨੂੰ ਪਿਆਰ ਅਤੇ ਸ਼ਾਂਤੀ ਨਾਲ ਅੱਗੇ ਵਧਾਉਣਾ ਹੈ।"
ਅਭਿਜੀਤ ਦੀਪਕੇ ਦੇ ਸ਼ਨੀਵਾਰ ਸਵੇਰੇ ਅਮਰੀਕਾ ਤੋਂ ਭਾਰਤ ਪਹੁੰਚਣ ਤੋਂ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ।
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਉਤਰਦੇ ਹੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ।
ਅਭਿਜੀਤ ਦੀਪਕੇ ਨੇ ਏਅਰਪੋਰਟ ਤੋਂ ਬਾਹਰ ਆਉਂਦੇ ਹੀ ਮੀਡੀਆ ਨੂੰ ਕਿਹਾ, "ਸਿੱਖਿਆ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਪੰਜ ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ ਹੈ।"
ਦਰਅਸਲ, ਦੀਪਕੇ ਨੇ ਉਨ੍ਹਾਂ ਵਿਦਿਆਰਥੀਆਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਕਥਿਤ ਤੌਰ 'ਤੇ ਨੀਟ ਪੇਪਰ ਲੀਕ ਹੋਣ ਦੇ ਮਾਮਲੇ ਕਾਰਨ ਖੁਦਕੁਸ਼ੀ ਕੀਤੀ ਹੈ।

ਤਸਵੀਰ ਸਰੋਤ, Getty Images
ਇਸ ਤੋਂ ਪਹਿਲਾਂ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੱਸਿਆ ਸੀ ਕਿ ਉਹ ਦਿੱਲੀ ਵਿੱਚ ਲੈਂਡ ਕਰ ਚੁੱਕੇ ਹਨ। ਉਨ੍ਹਾਂ ਨੇ ਸੀਜੇਪੀ ਦੇ ਸਮਰਥਕਾਂ ਨੂੰ ਕਿਹਾ ਹੈ ਕਿ "ਅੰਦੋਲਨ ਨੂੰ ਪਿਆਰ ਅਤੇ ਸ਼ਾਂਤੀ ਨਾਲ ਅੱਗੇ ਵਧਾਉਣਾ ਹੈ।"
ਅਭਿਜੀਤ ਦੀਪਕੇ ਨੇ ਐਕਸ 'ਤੇ ਲਿਖਿਆ ਸੀ, "ਲੈਂਡ ਕਰ ਚੁੱਕਾ ਹਾਂ। ਜਲਦੀ ਹੀ ਜੰਤਰ-ਮੰਤਰ 'ਤੇ ਤੁਹਾਨੂੰ ਸਭ ਨੂੰ ਮਿਲਣ ਦੀ ਉਡੀਕ ਹੈ। ਕਿਤਾਬ ਅਤੇ ਸਾਡਾ ਤਿਰੰਗਾ ਨਾਲ ਲਿਆਉਣਾ ਨਾ ਭੁੱਲਣਾ।"
ਉਨ੍ਹਾਂ ਅੱਗੇ ਲਿਖਿਆ, "ਪੁਲਿਸ ਮੁਲਾਜ਼ਮਾਂ ਨੂੰ ਫੁੱਲ ਦਿਓ, ਇਹ ਧੰਨਵਾਦ ਦਾ ਪ੍ਰਤੀਕ ਹੋਵੇਗਾ। ਅਸੀਂ ਇਸ ਅੰਦੋਲਨ ਨੂੰ ਪਿਆਰ ਅਤੇ ਸ਼ਾਂਤੀ ਨਾਲ ਅੱਗੇ ਵਧਾਉਣਾ ਹੈ।"
ਇਸ ਤੋਂ ਕੁਝ ਦੇਰ ਬਾਅਦ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ ਅਤੇ ਕਿਹਾ, "ਸਾਰੇ ਕਾਕਰੋਚਾਂ ਨੂੰ ਸਿੱਧਾ ਜੰਤਰ ਮੰਤਰ ਉੱਤੇ ਆਉਣਾ ਚਾਹੀਦਾ ਹੈ, ਨਾ ਕਿ ਪਾਰਲੀਮੈਂਟ ਸਟ੍ਰੀਟ ਪੁਲਿਸ ਸਟੇਸ਼ਨ। ਅਸੀਂ 10 ਵਜੇ ਆਪਣਾ ਸ਼ਾਂਤਮਈ ਪ੍ਰਦਰਸ਼ਨ ਸ਼ੁਰੂ ਕਰਾਂਗੇ।"
ਸੀਜੇਪੀ ਨੇ ਐਕਸ 'ਤੇ ਲਿਖਿਆ, "ਦਿੱਲੀ ਪੁਲਿਸ ਨੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਅਸੀਂ ਸਿੱਧੇ ਜੰਤਰ-ਮੰਤਰ 'ਤੇ ਇਕੱਠੇ ਹੋ ਸਕਦੇ ਹਾਂ।"
ਅੱਗੇ ਲਿਖਿਆ, "ਕਾਕਰੋਚ ਆ ਰਹੇ ਹਨ, ਧਰਮੇਂਦਰ ਪ੍ਰਧਾਨ ਜਾ ਰਹੇ ਹਨ।"
ਜ਼ਿਕਰੇਖ਼ਾਸ ਹੈ ਕਿ ਦੀਪਕੇ ਦੇ ਲੈਂਡ ਕਰਨ ਤੋਂ ਪਹਿਲਾਂ ਹੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਸੁਰੱਖਿਆ ਵਧਾ ਦਿੱਤੀ ਗਈ ਸੀ।
ਸੀਜੇਪੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਜੰਤਰ-ਮੰਤਰ ਲਈ ਰਵਾਨਾ ਹੋ ਰਹੇ ਲੋਕਾਂ ਦੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ।
ਦਿੱਲੀ ਵਿੱਚ ਪ੍ਰਦਰਸ਼ਨ ਜਾਂ ਧਰਨੇ ਬਾਰੇ ਕੀ ਹਨ ਨਿਯਮ?

ਤਸਵੀਰ ਸਰੋਤ, Dilnawaz Pasha
ਦਿੱਲੀ ਪੁਲਿਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕਿਸੇ ਵੀ ਪ੍ਰਦਰਸ਼ਨ ਜਾਂ ਧਰਨੇ ਲਈ ਨਵੀਂ ਦਿੱਲੀ ਦੇ ਡੀਸੀਪੀ ਨੂੰ ਸੱਤ ਦਿਨ ਪਹਿਲਾਂ ਅਰਜ਼ੀ ਦੇਣੀ ਪੈਂਦੀ ਹੈ।
ਆਤਿਸ਼ੀ ਮਾਰਲੀਨਾ ਬਨਾਮ ਕਮਿਸ਼ਨਰ ਆਫ਼ ਪੁਲਿਸ ਅਤੇ ਹੋਰਾਂ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵਿੱਚ ਦਾਇਰ ਕੀਤੇ ਗਏ ਹਲਫ਼ਨਾਮੇ ਦੇ ਅਨੁਸਾਰ, ਸੈਂਟਰਲ ਵਿਸਟਾ ਦੇ ਆਲੇ-ਦੁਆਲੇ ਜੰਤਰ-ਮੰਤਰ ਅਤੇ ਬੋਟ ਕਲੱਬ 'ਤੇ ਪ੍ਰਦਰਸ਼ਨਾਂ ਨੂੰ ਲੈਕੇ ਸਟੈਂਡਿੰਗ ਆਰਡਰ ਨੰਬਰ 10/2018 ਲਾਗੂ ਹੁੰਦਾ ਹੈ।
ਇਸ ਦੇ ਅਨੁਸਾਰ, ਜੰਤਰ-ਮੰਤਰ 'ਤੇ 1,000 ਲੋਕਾਂ ਤੱਕ ਦੇ ਇਕੱਠ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਅਤੇ ਰਾਮਲੀਲਾ ਮੈਦਾਨ 50,000 ਲੋਕਾਂ ਲਈ ਨਿਰਧਾਰਤ ਕੀਤਾ ਗਿਆ ਹੈ।
ਸੱਤ ਦਿਨਾਂ ਦੀ ਪਹਿਲਾਂ ਦੀ ਮਿਆਦ ਵਿੱਚ ਪ੍ਰਦਰਸ਼ਨ ਦਾ ਦਿਨ ਸ਼ਾਮਲ ਨਹੀਂ ਹੈ।
ਪੁਲਿਸ, ਜਗ੍ਹਾ ਦੀ ਉਪਲੱਬਧਤਾ ਅਤੇ ਜ਼ਰੂਰੀ ਕਾਨੂੰਨ ਵਿਵਸਥਾ ਦੇ ਆਧਾਰ 'ਤੇ ਇਜਾਜ਼ਤ ਦਾ ਫੈਸਲਾ ਕਰਦੀ ਹੈ।
ਇਜਾਜ਼ਤ, ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ 'ਤੇ ਅਤੇ ਵਿਸ਼ੇਸ਼ ਸ਼ਾਖਾ, ਟ੍ਰੈਫਿਕ ਪੁਲਿਸ ਅਤੇ ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਦੇ ਮੁਲਾਂਕਣ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ।
ਕੌਣ ਹਨ ਅਭਿਜੀਤ ਦੀਪਕੇ

ਤਸਵੀਰ ਸਰੋਤ, x/@Cockroachisback
ਬੀਬੀਸੀ ਮਰਾਠੀ ਦੇ ਪੱਤਰਕਾਰ ਆਸ਼ਯ ਯੇਡਗੇ ਨਾਲ ਪਿਛਲੇ ਦਿਨੀਂ ਗੱਲ ਕਰਦਿਆਂ ਉਨ੍ਹਾਂ ਦੱਸਿਆ ਸੀ ਕਿ "ਮੈਂ ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀ ਨਗਰ ਤੋਂ ਹਾਂ। ਗ੍ਰੈਜੂਏਸ਼ਨ ਲਈ ਮੈਂ ਪੁਣੇ ਗਿਆ। ਇਸ ਤੋਂ ਬਾਅਦ ਮੈਨੂੰ ਕੁਝ ਸਾਲਾਂ ਲਈ ਆਮ ਆਦਮੀ ਪਾਰਟੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਮੈਂ ਉਨ੍ਹਾਂ ਦੀ ਕਮਿਊਨੀਕੇਸ਼ਨ ਟੀਮ ਵਿੱਚ ਸੀ।"
"ਮੈਂ ਉਨ੍ਹਾਂ ਦੇ ਸਿਹਤ ਅਤੇ ਸਿੱਖਿਆ 'ਤੇ ਕੀਤੇ ਕੰਮ ਤੋਂ ਪ੍ਰਭਾਵਿਤ ਸੀ। ਇਹ ਕੁਝ ਨਵਾਂ ਸੀ, ਜੋ ਪਹਿਲੀ ਵਾਰ ਭਾਰਤੀ ਰਾਜਨੀਤੀ ਵਿੱਚ ਹੋ ਰਿਹਾ ਸੀ। ਜਿਵੇਂ ਅੱਜ ਕਾਕਰੋਚ ਜਨਤਾ ਪਾਰਟੀ ਨਵੀਂ ਹੈ, ਉਸੇ ਤਰ੍ਹਾਂ ਮੈਨੂੰ ਲੱਗਿਆ ਕਿ ਉਹ ਵੀ ਕੋਈ ਨਵਾਂ ਬਦਲਾਅ ਲਿਆਉਣ ਵਾਲੇ ਹਨ।"
"ਮੈਂ ਕੁਝ ਸਮੇਂ ਲਈ ਉਨ੍ਹਾਂ ਨਾਲ ਕੰਮ ਕੀਤਾ, ਫਿਰ ਮੈਨੂੰ ਲੱਗਿਆ ਕਿ ਮੈਨੂੰ ਹੋਰ ਪੜ੍ਹਾਈ ਕਰਨ ਦੀ ਲੋੜ ਹੈ ਅਤੇ ਮੈਂ ਘਰ 'ਤੇ ਮਾਸਟਰਜ਼ ਦੀ ਤਿਆਰੀ ਕਰਨ ਲੱਗ ਪਿਆ। ਮੈਨੂੰ ਬੋਸਟਨ ਯੂਨੀਵਰਸਿਟੀ ਤੋਂ ਬੁਲਾਵਾ ਆਇਆ। ਮੈਂ ਪਿਛਲੇ ਦੋ ਸਾਲਾਂ ਤੋਂ ਇੱਥੇ ਹਾਂ ਅਤੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ।"
ਕਾਕਰੋਚ ਜਨਤਾ ਪਾਰਟੀ ਦਾ ਐਲਾਨ ਪੱਤਰ ਕਾਫ਼ੀ ਧਿਆਨ ਖਿੱਚ ਰਿਹਾ ਹੈ। ਇਸ ਬਾਰੇ ਅਭਿਜੀਤ ਨੇ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਇਹ ਐਲਾਨ ਪੱਤਰ ਇਸ ਵੇਲੇ ਭਾਰਤ ਦੇ ਲੋਕਤੰਤਰ ਅਤੇ ਮੌਜੂਦਾ ਰਾਜਨੀਤਕ ਹਾਲਾਤ ਬਾਰੇ ਬਹੁਤ ਕੁਝ ਦੱਸਦਾ ਹੈ। ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਉਹ ਜੱਜ, ਜਿਨ੍ਹਾਂ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਜਿਨ੍ਹਾਂ ਦਾ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੋਣਾ ਚਾਹੀਦਾ, ਉਹ ਰਿਟਾਇਰਮੈਂਟ ਤੋਂ ਬਾਅਦ ਸਰਕਾਰ ਤੋਂ ਲਾਭ ਲੈ ਰਹੇ ਹਨ।"
"ਇਹ ਬਹੁਤ ਖ਼ਤਰਨਾਕ ਹੈ ਕਿਉਂਕਿ ਨਿਆਂਪਾਲਿਕਾ ਦਾ ਸੁਤੰਤਰ ਰਹਿਣਾ ਬਹੁਤ ਜ਼ਰੂਰੀ ਹੈ। ਜੇ ਨਿਆਂਪਾਲਿਕਾ ਵੀ ਸਰਕਾਰ ਦੇ ਰਾਹ 'ਤੇ ਚੱਲਣ ਲੱਗੇਗੀ ਤਾਂ ਫਿਰ ਕੀ ਬਚੇਗਾ? ਫਿਰ ਲੋਕਤੰਤਰ ਨੂੰ ਕੌਣ ਬਚਾਏਗਾ?"
"ਦੂਜੀ ਗੱਲ ਔਰਤਾਂ ਦੀ ਨੁਮਾਇੰਦਗੀ ਨੂੰ ਲੈ ਕੇ ਹੈ। ਮੈਂ ਬਚਪਨ ਤੋਂ ਸੁਣਦਾ ਆ ਰਿਹਾ ਹਾਂ ਕਿ ਔਰਤਾਂ ਨੂੰ 33 ਫ਼ੀਸਦੀ ਰਾਖਵਾਂ ਮਿਲੇਗਾ, ਪਰ ਅੱਜ ਤੱਕ ਇਹ ਨਹੀਂ ਹੋਇਆ। ਜੇ ਔਰਤਾਂ ਨੂੰ ਰਾਖਵਾਂ ਦੇਣਾ ਹੀ ਹੈ ਤਾਂ ਉਨ੍ਹਾਂ ਨੂੰ 50 ਫ਼ੀਸਦੀ ਰਾਖਵਾਂ ਦਿਓ।"
ਮੀਮ ਤੋਂ ਜਨਮੀ ਪਾਰਟੀ

ਤਸਵੀਰ ਸਰੋਤ, AI-generated image/Cockroach Janta Party
ਬੀਬੀਸੀ ਨਿਊਜ਼ ਮਰਾਠੀ ਨਾਲ ਗੱਲਬਾਤ ਦੌਰਾਨ ਅਭਿਜੀਤ ਦੀਪਕੇ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਮੁਹਿੰਮ ਕਿਉਂ ਸ਼ੁਰੂ ਕੀਤੀ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਮੁਹਿੰਮ ਦਾ ਵਿਚਾਰ ਕਿੱਥੋਂ ਆਇਆ, ਤਾਂ ਅਭਿਜੀਤ ਦੀਪਕੇ ਨੇ ਕਿਹਾ, "ਮੈਂ ਟਵਿੱਟਰ (ਹੁਣ ਐਕਸ) 'ਤੇ ਸੀਜੇਆਈ (ਭਾਰਤ ਦੇ ਚੀਫ ਜਸਟਿਸ) ਦਾ ਬਿਆਨ ਦੇਖ ਰਿਹਾ ਸੀ, ਜਿੱਥੇ ਉਹ ਪ੍ਰਣਾਲੀ ਦੀ ਆਲੋਚਨਾ ਕਰਨ ਅਤੇ ਆਪਣੀ ਰਾਇ ਦੇਣ ਵਾਲੇ ਦੇਸ਼ ਦੇ ਨੌਜਵਾਨਾਂ ਦੀ ਤੁਲਨਾ ਕਾਕਰੋਚਾਂ ਅਤੇ ਪਰਜੀਵੀਆਂ ਨਾਲ ਕਰ ਰਹੇ ਸਨ।"
"ਮੈਨੂੰ ਇਹ ਬਹੁਤ ਵਿਅੰਗਾਤਮਕ ਲੱਗਿਆ ਕਿਉਂਕਿ ਸੀਜੇਆਈ ਨੂੰ ਦੇਸ਼ ਦੇ ਸੰਵਿਧਾਨ ਦਾ ਰੱਖਿਅਕ ਮੰਨਿਆ ਜਾਂਦਾ ਹੈ। ਉਹੀ ਸੰਵਿਧਾਨ ਜੋ ਹਰ ਕਿਸੇ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ। ਹੁਣ ਅਜਿਹਾ ਵਿਅਕਤੀ, ਜਿਸ ਦਾ ਕੰਮ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਨਾ ਹੈ, ਉਹ ਨੌਜਵਾਨਾਂ ਦੀ ਤੁਲਨਾ ਕਾਕਰੋਚਾਂ ਅਤੇ ਪਰਜੀਵੀਆਂ ਨਾਲ ਕਿਵੇਂ ਕਰ ਸਕਦਾ ਹੈ?"
"ਇਸ ਗੱਲ ਨੇ ਮੈਨੂੰ ਗੁੱਸੇ ਅਤੇ ਨਿਰਾਸ਼ਾ ਨਾਲ ਭਰ ਦਿੱਤਾ ਅਤੇ ਮੈਂ ਟਵਿੱਟਰ 'ਤੇ ਆਪਣੀ ਰਾਇ ਦਿੱਤੀ। ਮੈਂ ਪੁੱਛਿਆ ਕਿ ਜੇ ਸਾਰੇ ਕਾਕਰੋਚ ਇਕੱਠੇ ਹੋ ਜਾਣ ਤਾਂ ਕੀ ਹੋਵੇਗਾ। ਮੈਨੂੰ ਜੈਨ ਜ਼ੀ ਅਤੇ 25 ਸਾਲ ਤੱਕ ਦੇ ਨੌਜਵਾਨਾਂ ਵੱਲੋਂ ਕਮਾਲ ਦੇ ਜਵਾਬ ਮਿਲੇ। ਉਨ੍ਹਾਂ ਕਿਹਾ ਕਿ ਸਾਨੂੰ ਇਕੱਠੇ ਆ ਕੇ ਇੱਕ ਮੰਚ ਬਣਾਉਣਾ ਚਾਹੀਦਾ ਹੈ।"
"ਇੱਥੋਂ ਮੈਨੂੰ ਇਹ ਵਿਚਾਰ ਆਇਆ ਕਿ ਸਾਨੂੰ ਆਨਲਾਈਨ ਇੱਕ ਪੈਰੋਡੀ ਪਾਰਟੀ ਬਣਾਉਣੀ ਚਾਹੀਦੀ ਹੈ, ਜਿਸ ਦਾ ਨਾਮ 'ਕਾਕਰੋਚ ਜਨਤਾ ਪਾਰਟੀ' ਹੋਵੇ। ਜੇ ਤੁਸੀਂ ਸਾਨੂੰ ਕਾਕਰੋਚ ਕਹਿ ਰਹੇ ਹੋ ਤਾਂ ਠੀਕ ਹੈ, ਅਸੀਂ ਕਾਕਰੋਚ ਜਨਤਾ ਪਾਰਟੀ ਹੀ ਬਣਾਉਂਦੇ ਹਾਂ। ਇਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੈਂ ਕੁਝ ਯੋਗਤਾਵਾਂ ਰੱਖੀਆਂ, ਜਿਵੇਂ ਕਿ ਤੁਹਾਨੂੰ ਆਲਸੀ ਹੋਣਾ ਚਾਹੀਦਾ ਹੈ, ਜਿਵੇਂ ਸੀਜੇਆਈ ਨੇ ਕਿਹਾ, ਤੁਸੀਂ ਬੇਰੁਜ਼ਗਾਰ ਹੋਣੇ ਚਾਹੀਦੇ ਹੈ ਅਤੇ ਹਮੇਸ਼ਾ ਆਨਲਾਈਨ ਰਹਿਣ ਵਾਲੇ ਹੋਣੇ ਚਾਹੀਦੇ ਹੋ।"

ਤਸਵੀਰ ਸਰੋਤ, ANI
"ਉਨ੍ਹਾਂ (ਸੀਜੇਆਈ) ਨੇ ਨੌਜਵਾਨਾਂ ਦੀ ਬੇਇਜ਼ਤੀ ਲਈ ਜਿਹੜੇ ਵੀ ਸ਼ਬਦ ਵਰਤੇ, ਅਸੀਂ ਉਹਨਾਂ ਨੂੰ ਹੀ ਇਸ ਪਾਰਟੀ ਦੀ ਮੈਂਬਰਸ਼ਿਪ ਦੀ ਯੋਗਤਾ ਬਣਾ ਦਿੱਤਾ। ਕੁਝ ਹੀ ਘੰਟਿਆਂ ਵਿੱਚ ਇਸ ਨੇ ਚਮਤਕਾਰ ਕਰ ਦਿੱਤਾ ਅਤੇ ਹਰ ਕੋਈ ਇਸ 'ਤੇ ਪ੍ਰਤੀਕਿਰਿਆ ਦੇਣ ਅਤੇ ਰਜਿਸਟਰ ਕਰਨ ਲੱਗ ਪਿਆ।"
"ਇਸ ਤੋਂ ਬਾਅਦ ਸਾਨੂੰ ਲੱਗਣ ਲੱਗਾ ਕਿ ਇਹ ਵੱਡਾ ਰੂਪ ਲੈ ਸਕਦਾ ਹੈ ਅਤੇ ਇਹ ਸਿਰਫ਼ ਮਜ਼ਾਕ ਨਹੀਂ ਰਹਿ ਗਿਆ। ਲੋਕ ਪਹਿਲਾਂ ਹੀ ਨਿਰਾਸ਼ ਸਨ, ਇਸ ਲਈ ਅਸੀਂ ਇੱਕ ਵੈੱਬਸਾਈਟ ਬਣਾਈ ਅਤੇ ਪਾਰਟੀ ਦਾ ਐਲਾਨ ਪੱਤਰ ਤਿਆਰ ਕੀਤਾ।"
ਉਸ ਸਮੇਂ ਉਨ੍ਹਾਂ ਦੱਸਿਆ ਸੀ ਕਿ "ਇੰਸਟਾਗ੍ਰਾਮ 'ਤੇ ਸਾਡੇ ਦੋ ਮਿਲੀਅਨ ਫਾਲੋਅਰ ਹੋ ਗਏ ਸਨ (ਹੁਣ ਚਾਰ ਮਿਲੀਅਨ ਤੋਂ ਵੱਧ) ਅਤੇ ਦੋ ਲੱਖ ਤੋਂ ਵੱਧ ਲੋਕਾਂ ਨੇ ਆਪਣੇ ਆਪ ਨੂੰ ਕਾਕਰੋਚ ਜਨਤਾ ਪਾਰਟੀ ਦੇ ਮੈਂਬਰ ਵਜੋਂ ਰਜਿਸਟਰ ਕੀਤਾ ਹੈ। ਭਾਰਤੀ ਰਾਜਨੀਤੀ ਵਿੱਚ ਕਾਫ਼ੀ ਸਮੇਂ ਬਾਅਦ ਇਹ ਇਕ ਹੈਰਾਨ ਕਰਨ ਦੇਣ ਵਾਲੀ ਘਟਨਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












