ਯੂਕੇ 'ਚ ਕਿਰਪਾਨ ਨਾਲ ਕਤਲ ਦਾ ਮਾਮਲਾ: 'ਮੌਤ ਤੋਂ ਪਹਿਲਾਂ ਜ਼ਖ਼ਮੀ ਹੈਨਰੀ ਨਾਲ ਪੁਲਿਸ ਦਾ ਵਤੀਰਾ ਸਵਾਲਾਂ ਦੇ ਘੇਰੇ ਵਿੱਚ', ਹੋਰ ਕੀ ਬੋਲੇ ਪੀਐੱਮ ਸਟਾਰਮਰ

ਵਿਕਰਮ ਦਿਗਵਾ ਅਤੇ ਹੈਨਰੀ ਨੋਵਾਕ

ਤਸਵੀਰ ਸਰੋਤ, POLICE HANDOUT/BBC

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ ਇੱਕ ਬੌਡੀਕੈਮ ਫੁਟੇਜ ਸਾਹਮਣੇ ਆਉਣ ਬਾਅਦ ਕਿਹਾ ਕਿ ਹੈਨਰੀ ਨੋਵਾਕ ਦੇ ਕਤਲ ਪ੍ਰਤੀ ਪੁਲਿਸ ਮੁਲਾਜ਼ਮਾਂ ਦਾ ਰਵੱਈਆ, ਗੰਭੀਰ ਸਵਾਲ ਖੜ੍ਹੇ ਕਰਦਾ ਹੈ।
    • ਲੇਖਕ, ਜੈਕ ਲੈਫੇਮ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

(ਇਸ ਖ਼ਬਰ ਦੇ ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।)

ਯੂਕੇ ਵਿੱਚ ਕਿਰਪਾਨ ਨਾਲ ਹੋਏ ਨੌਜਵਾਨ ਦੇ ਕਤਲ ਮਾਮਲੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਸਰ ਕੀਅਰ ਸਟਾਰਮਰ ਨੇ ਇੱਕ ਬੌਡੀਕੈਮ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਕਿਹਾ ਕਿ ਹੈਨਰੀ ਨੋਵਾਕ ਦੇ ਕਤਲ ਪ੍ਰਤੀ ਪੁਲਿਸ ਮੁਲਾਜ਼ਮਾਂ ਦਾ ਰਵੱਈਆ, ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਉਸ ਨੂੰ ਮਾਰਨ ਵਾਲੇ 23 ਸਾਲਾ ਵਿਕਰਮ ਦਿਗਵਾ ਨੂੰ ਉਸ 'ਤੇ ਅੱਠ ਇੰਚ ਦੀ ਕਿਰਪਾਨ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਘੱਟੋ ਘੱਟ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਦਿਗਵਾ ਦਾ ਕਹਿਣਾ ਸੀ ਕਿ ਉਹ ਆਪਣੇ ਧਰਮ ਦੇ ਹਿੱਸੇ ਵਜੋਂ ਕਿਰਪਾਨ ਨਾਲ ਰੱਖਦਾ ਸੀ।

ਬੌਡੀਕੈਮ ਫੁਟੇਜ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਦੇ ਅਠਾਰਾਂ ਸਾਲਾ ਵਿਦਿਆਰਥੀ ਨੂੰ ਹੱਥਕੜੀ ਲੱਗੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਹ ਪੁਲਿਸ ਨੂੰ ਕਹਿ ਰਿਹਾ ਹੈ, "ਮੈਂ ਸਾਹ ਨਹੀਂ ਲੈ ਪਾ ਰਿਹਾ"।

ਇਸ ਤੋਂ ਪਹਿਲਾਂ ਦਿਗਵਾ ਨੇ ਹਮਲੇ ਵਾਲੀ ਥਾਂ ਪੁਲਿਸ ਅਫਸਰਾਂ ਨੂੰ ਕਿਹਾ ਸੀ ਕਿ ਉਸ ਉੱਤੇ ਨਸਲੀ ਹਮਲਾ ਕੀਤਾ ਗਿਆ ਸੀ।

ਮੰਗਲਵਾਰ ਸ਼ਾਮ ਨੂੰ ਸੈਂਕੜੇ ਲੋਕ ਸਾਊਥੈਂਪਟਨ ਵਿੱਚ ਇਕੱਠੇ ਹੋਏ ਜਿੱਥੇ ਪ੍ਰਦਰਸ਼ਕਾਰੀਆਂ ਅਤੇ ਪੁਲਿਸ ਵਿਚਕਾਰ ਝੜਪਾਂ ਹੋਈਆਂ।

ਉੱਥੋਂ ਦੇ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਇਸ ਅਸ਼ਾਂਤੀ ਨੂੰ 'ਅਸਵੀਕਾਰਯੋਗ' ਦੱਸਿਆ।

ਉਨ੍ਹਾਂ ਨੇ ਕਿਹਾ ਕਿ ਨੋਵਾਕ ਪਰਿਵਾਰ ਨੇ ਸੋਮਵਾਰ ਨੂੰ ਇੱਕ ਪ੍ਰਭਾਵਸ਼ਾਲੀ ਅਪੀਲ ਕੀਤੀ ਸੀ ਕਿ ਹੈਨਰੀ ਦੀ ਮੌਤ ਨੂੰ ਹੋਰ ਵੰਡ, ਨਫ਼ਰਤ ਜਾਂ ਤਣਾਅ ਪੈਦਾ ਕਰਨ ਲਈ ਵਰਤਣ ਨਾ ਦਿੱਤਾ ਜਾਵੇ।

ਉਨ੍ਹਾਂ ਕਿਹਾ, "ਇਸ ਤ੍ਰਾਸਦੀ ਨੂੰ ਹਿੰਸਾ ਅਤੇ ਹੰਗਾਮਾ ਭੜਕਾਉਣ ਲਈ ਵਰਤੇ ਜਾਣ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ।"

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਸਰ ਕੀਅਰ ਸਟਾਰਮਰ ਨੇ ਕਿਹਾ ਕਿ ਬੌਡੀਕੈਮ ਫੁਟੇਜ 'ਸਚਮੁਚ ਦਿਲ ਦਹਿਲਾਉਣ ਵਾਲੀ' ਸੀ ਅਤੇ ਇਸ ਨੂੰ ਦੇਖ ਕੇ ਉਨ੍ਹਾਂ ਦਾ 'ਮਨ ਬਹੁਤ ਦੁਖੀ ਹੋਇਆ' ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਵਾਲ ਦਾ ਜਵਾਬ ਦੇਣਾ ਲਾਜ਼ਮੀ ਹੈ ਕਿ ਨਸਲਵਾਦ ਦੇ ਇਲਜ਼ਾਮਾਂ ਨੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਨੂੰ ਕਿਵੇਂ ਪ੍ਰਭਾਵਿਤ ਕੀਤਾ।

ਇੰਡੀਪੈਂਡੈਂਟ ਆਫਿਸ ਫਾਰ ਪੁਲਿਸ ਕੰਡਕਟ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਬਾਰੇ ਜਾਂਚ ਚੱਲ ਰਹੀ ਹੈ। ਅਗਲੇ ਤਿੰਨ ਮਹੀਨਿਆਂ ਅੰਦਰ ਰਿਪੋਰਟ ਆਉਣ ਦੀ ਉਮੀਦ ਹੈ।

ਸਰ ਕੀਅਰ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਇੱਕ ਵਿਆਪਕ ਜਾਂਚ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਨਗੇ।

ਉਨ੍ਹਾਂ ਕਿਹਾ, "ਇਹ ਅਹਿਮ ਹੈ ਕਿ ਇੰਡੀਪੈਂਡੈਂਟ ਆਫਿਸ ਫਾਰ ਪੁਲਿਸ ਕੰਡਕਟ ਪਹਿਲਾਂ ਆਪਣਾ ਕੰਮ ਕਰੇ, ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਇਸ ਦੀ ਵੱਡੇ ਪੱਧਰ 'ਤੇ ਜਾਂਚ ਨਹੀਂ ਹੋਣੀ ਚਾਹੀਦੀ। ਬਿਲਕੁਲ, ਮੈਂ ਅਜਿਹਾ ਨਹੀਂ ਕਹਿ ਰਿਹਾ।"

ਇਸ ਤੋਂ ਪਹਿਲਾਂ ਸ਼ਬਾਨਾ ਮਹਿਮੂਦ ਨੇ ਇਸ ਕਤਲ ਦੇ ਮੱਦੇਨਜ਼ਰ ਇੱਕ ਖਤਰਨਾਕ ਅੰਦਰੂਨੀ ਲਹਿਰ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਇਸ ਕਾਰਨ ਧਮਕੀਆਂ ਮਿਲ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਇੱਕ ਪੁਲਿਸ ਅਧਿਕਾਰੀ ਨੂੰ ਇੰਟਰਨੈਟ 'ਤੇ ਗਲਤ ਤਰੀਕੇ ਨਾਲ ਇਸ ਮਾਮਲੇ ਵਿੱਚ ਸ਼ਾਮਲ ਹੋਣ ਵਜੋਂ ਪਛਾਣੇ ਜਾਣ ਬਾਅਦ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕਿਸੇ ਹਰ ਥਾਂ ਜਾਣ ਲਈ ਮਜਬੂਰ ਹੋਣਾ ਪਿਆ।

"ਪੁਲਿਸ ਹੈਨਰੀ ਦੀ ਮਦਦ ਕਰਨ ਨਾਲੋਂ ਨਸਲਵਾਦ ਦੇ ਇਲਜ਼ਾਮਾਂ ਬਾਰੇ ਵਧੇਰੇ ਚਿੰਤਤ ਲੱਗ ਰਹੀ ਸੀ"

 ਹੈਨਰੀ ਨੋਵਾਕ

ਤਸਵੀਰ ਸਰੋਤ, POLICE HANDOUT

ਤਸਵੀਰ ਕੈਪਸ਼ਨ, 18 ਸਾਲਾ ਹੈਨਰੀ ਨੋਵਾਕ ਦਾ 3 ਦਸੰਬਰ ਨੂੰ ਕਤਲ ਹੋ ਗਿਆ ਸੀ (ਫ਼ਾਈਲ ਫੋਟੋ)

ਹਾਊਸ ਆਫ ਕਾਮਨਜ਼ ਵਿੱਚ ਇੱਕ ਸੰਬੋਧਨ ਦੌਰਾਨ ਮਹਿਮੂਦ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਇਸ ਮਾਮਲੇ ਦਾ ਸਿਆਸੀਕਰਨ ਨਾ ਕਰਨ ਦੀ ਚੇਤਾਵਨੀ ਦਿੱਤੀ।

ਰਿਫਾਰਮ ਯੂ.ਕੇ. ਦੇ ਨੇਤਾ ਨਾਈਜਲ ਫਾਰੇਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੈਨਰੀ ਨੋਵਾਕ ਨਾਲ ਹੋਏ ਸਲੂਕ 'ਤੇ ਕੋਲਡ ਰੇਜ ਮਹਿਸੂਸ ਕਰ ਰਹੇ ਹਨ ਅਤੇ ਇਸ ਨੂੰ ਟੂ-ਟੀਅਰ ਬ੍ਰਿਟੇਨ ਦਾ ਸਬੂਤ ਕਰਾਰ ਦਿੱਤਾ।

ਉਨ੍ਹਾਂ ਨੇ ਕਿਹਾ, "ਉਸ ਨਾਜ਼ੁਕ ਸਥਿਤੀ ਵਿੱਚ ਨਸਲਵਾਦ ਦੇ ਇੱਕ ਝੂਠੇ ਇਲਜ਼ਾਮ ਨੂੰ ਦਮ ਤੋੜ ਰਹੇ ਇੱਕ ਇਨਸਾਨ ਦੀ ਜਾਨ ਨਾਲੋਂ ਵੱਧ ਅਹਿਮੀਅਤ ਦਿੱਤੀ ਗਈ।"

ਹਾਊਸ ਆਫ ਕਾਮਨਜ਼ ਵਿੱਚ ਆਪਣੇ ਇੱਕ ਬਿਆਨ ਦੌਰਾਨ ਸ਼ੈਡੋ ਗ੍ਰਹਿ ਸਕੱਤਰ ਕ੍ਰਿਸ ਫਿਲਿਪ ਨੇ ਕਿਹਾ, "ਪੁਲਿਸ ਹੈਨਰੀ ਦੀ ਮਦਦ ਕਰਨ ਨਾਲੋਂ ਨਸਲਵਾਦ ਦੇ ਇਲਜ਼ਾਮਾਂ ਬਾਰੇ ਵਧੇਰੇ ਚਿੰਤਤ ਲੱਗ ਰਹੀ ਸੀ।"

ਕੰਜ਼ਰਵੇਟਿਵ ਲੀਡਰ ਕੇਮੀ ਬੇਡਨੋਕ ਨੇ ਕਿਹਾ ਕਿ ਇਹ ਫੁਟੇਜ 'ਬਹੁਤ ਭਿਆਨਕ' ਸੀ ਇਸ ਵਿੱਚ 'ਕਈ ਪੱਧਰ 'ਤੇ ਨਾਕਾਮੀਆਂ' ਸਾਹਮਣੇ ਆਈਆਂ ਹਨ।

ਉਨ੍ਹਾਂ ਨੇ ਬੀਬੀਸੀ ਨਿਊਜ਼ਨਾਈਟ ਨੂੰ ਦੱਸਿਆ, "ਮੈਨੂੰ ਲੱਗਦਾ ਹੈ ਕਿ ਜੇ ਕਾਤਲ ਕੋਈ ਗੋਰਾ ਹੁੰਦਾ ਤਾਂ ਉਨ੍ਹਾਂ ਨੇ ਕੁਝ ਹੋਰ ਸਵਾਲ ਪੁੱਛੇ ਹੁੰਦੇ, ਪਰ ਉਹ ਸਿੱਧਾ ਇੱਕ ਨਤੀਜੇ 'ਤੇ ਪਹੁੰਚ ਗਏ।"

ਮਾਰਕ ਨੋਵਾਕ ਦਾ ਬਿਆਨ

ਮਹਿਮੂਦ ਨੇ ਕਿਹਾ ਕਿ ਹਾਲਾਂਕਿ ਇਸ ਖਾਸ ਮਾਮਲੇ ਦੇ ਤੱਥਾਂ ਦਾ ਪਤਾ ਲਗਾਉਣਾ IOPC ਦਾ ਕੰਮ ਹੈ, ਪਰ ਉਨ੍ਹਾਂ ਨੇ ਆਮ ਤੌਰ 'ਤੇ ਪੁਲਿਸ ਵੱਲੋਂ ਪੱਖਪਾਤੀ ਰਵੱਈਆ ਆਪਣਾਏ ਜਾਣ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ।

ਉਨ੍ਹਾਂ ਕਿਹਾ, "ਇਸ ਦੇਸ਼ ਵਿੱਚ ਪੁਲਿਸ ਦਾ ਇਹ ਫਰਜ਼ ਹੈ ਕਿ ਉਹ ਬਿਨ੍ਹਾਂ ਕਿਸੇ ਡਰ ਜਾਂ ਪੱਖਪਾਤ ਦੇ ਕੰਮ ਕਰੇ। ਇਸ ਦੇਸ਼ ਵਿੱਚ ਕਾਨੂੰਨ ਦੇ ਸਾਹਮਣੇ ਹਰ ਕੋਈ ਬਰਾਬਰ ਹੈ।"

ਪ੍ਰਧਾਨ ਮੰਤਰੀ ਦੇ ਅਧਿਕਾਰਤ ਬੁਲਾਰੇ ਨੇ ਕਿਹਾ, "'2 ਟੀਅਰ ਪੁਲਿਸ ਜਿਹੀ ਕੋਈ ਚੀਜ਼ ਨਹੀਂ ਹੈ।"

ਖ਼ੁਦ ਇੱਕ ਸਿੱਖ ਲੇਬਰ ਪਾਰਟੀ ਦੇ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਰਿਫਾਰਮ ਯੂ.ਕੇ. ਅਤੇ ਹੋਰ ਪਾਰਟੀਆਂ 'ਤੇ ਇੱਕ ਹਿੰਸਕ ਕਾਤਲ ਦੀਆਂ ਕਰਤੂਤਾਂ ਦੇ ਅਧਾਰ 'ਤੇ ਸਿੱਖ ਭਾਈਚਾਰੇ ਨੂੰ ਬਲੀ ਦਾ ਬੱਕਰਾ ਬਣਾਉਣ ਦਾ ਫ਼ੈਸਲਾ ਕਰਨ ਦਾ ਦੋਸ਼ ਲਗਾਇਆ।

ਮੰਗਲਵਾਰ ਸ਼ਾਮ ਨੂੰ ਦੰਗਾ ਵਿਰੋਧੀ ਪੁਲਿਸ ਦੀ ਉਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਝੜਪ ਹੋਈ ਜੋ ਕਤਲ ਵਾਲੀ ਥਾਂ ਦੇ ਨੇੜੇ ਇਕੱਠੇ ਹੋਏ ਸਨ।

ਇਸ ਪ੍ਰਦਰਸ਼ਨ ਨੂੰ ਕੱਟੜ ਸੱਜੇ ਪੱਖੀ ਆਗੂ ਟੌਮੀ ਰੌਬਿਨਸਨ ਨੇ ਹੱਲਾਸ਼ੇਰੀ ਦਿੱਤੀ ਸੀ।

ਪੁਲਿਸ 'ਤੇ ਕੂੜੇਦਾਨ, ਕੁਝ ਇੱਟਾਂ ਅਤੇ ਇੱਕ ਈ-ਸਕੂਟਰ ਸੁੱਟੇ ਗਏ, ਜਦਕਿ ਦੰਗਾ ਵਿਰੋਧੀ ਢਾਲਾਂ ਅਤੇ ਲਾਠੀਆਂ ਨਾਲ ਲੈਸ ਪੁਲਿਸ ਮੁਲਾਜ਼ਮਾਂ ਨੇ ਗਲੀ ਵਿੱਚ ਇੱਕ ਕਤਾਰ ਬਣਾ ਕੇ ਸਥਿਤੀ ਨੂੰ ਕਾਬੂ ਰੱਖਣ ਦੀ ਕੋਸ਼ਿਸ਼ ਕੀਤੀ।

ਦਿਗਵਾ ਦੇ ਪਰਿਵਾਰ ਨੇ ਨੋਵਾਕ ਦੇ ਪਰਿਵਾਰ ਤੋਂ ਅਤੇ ਸਿੱਖ ਭਾਈਚਾਰੇ ਨੂੰ 'ਬਦਨਾਮ' ਕਰਨ ਲਈ ਮਾਫ਼ੀ ਮੰਗੀ

ਚਾਕੂ

ਤਸਵੀਰ ਸਰੋਤ, CROWN PROSECUTION SERVICE

ਤਸਵੀਰ ਕੈਪਸ਼ਨ, ਘਟਨਾ ਵੇਲੇ ਵਰਤਿਆ ਗਿਆ ਚਾਕੂ ਵਿਕਰਮ ਦਿਗਵਾ ਦਾ ਸੀ

ਅਟਾਰਨੀ ਜਨਰਲ ਦਾ ਦਫ਼ਤਰ ਗੈਰ-ਵਾਜਿਬ ਨਰਮ ਸਜ਼ਾ ਸਕੀਮ ਤਹਿਤ ਸਮੀਖਿਆ ਕਰਨ ਲਈ ਕਈ ਬੇਨਤੀਆਂ ਮਿਲਣ ਬਾਅਦ ਦਿਗਵਾ ਨੂੰ ਸੁਣਾਈ ਗਈ ਸਜ਼ਾ 'ਤੇ ਵਿਚਾਰ ਕਰ ਰਿਹਾ ਹੈ।

ਮੌਜੂਦਾ ਕਾਨੂੰਨ ਤਹਿਤ, ਅੰਮ੍ਰਿਤਧਾਰੀ ਸਿੱਖਾਂ ਕੋਲ ਧਾਰਮਿਕ ਉਦੇਸ਼ਾਂ ਲਈ ਆਪਣੇ ਸਰੀਰ ਦੇ ਨੇੜੇ ਕਿਰਪਾਨ ਪਹਿਨਣ ਦਾ ਅਧਿਕਾਰ ਹੈ।

ਹਾਲਾਂਕਿ ਦਿਗਵਾ ਨੇ ਆਪਣੇ ਕੱਪੜਿਆਂ ਹੇਠਾਂ ਇੱਕ ਕਿਰਪਾਨ ਪਹਿਨੀ ਹੋਈ ਸੀ ਪਰ ਜਿਸ ਹਥਿਆਰ ਦੀ ਵਰਤੋਂ ਉਸ ਨੇ ਨੋਵਾਕ 'ਤੇ ਕੀਤੀ ਸੀ ਉਹ ਬਹੁਤ ਵੱਡਾ ਸੀ ਅਤੇ ਉਸ ਨੇ ਇਸ ਨੂੰ ਆਪਣੇ ਕੱਪੜਿਆਂ ਦੇ ਉੱਤੇ ਇੱਕ ਗਾਤਰੇ ਵਿੱਚ ਪਾਇਆ ਹੋਇਆ ਸੀ।

ਦਿਗਵਾ ਦੇ ਪਰਿਵਾਰ ਨੇ ਨੋਵਾਕ ਦੇ ਪਰਿਵਾਰ ਤੋਂ ਅਤੇ ਸਿੱਖ ਭਾਈਚੀਰੇ ਨੂੰ 'ਬਦਨਾਮ' ਕਰਨ ਲਈ ਮਾਫ਼ੀ ਮੰਗੀ।

ਪਰਿਵਾਰ ਦੇ ਇੱਕ ਅਗਿਆਤ ਮੈਂਬਰ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਅਸੀਂ ਉਸ ਨੂੰ ਪਿਆਰ ਕਰਨਾ ਜਾਰੀ ਰੱਖਾਂਗੇ। ਉਹ ਪਿਆਰ ਨੋਵਾਕ ਪਰਿਵਾਰ ਲਈ ਸਾਡੇ ਮਨ ਵਿੱਚ ਮੌਜੂਦ ਦੁੱਖ ਦੇ ਖ਼ਿਲਾਫ਼ ਨਹੀਂ ਖੜ੍ਹਾ ਹੈ। ਦੋਨੋ ਸੱਚੇ ਹਨ ਅਤੇ ਦੋਨੋ ਸਾਡੀ ਰਹਿੰਦੀ ਜ਼ਿੰਦਗੀ ਵਿੱਚ ਸਾਡੇ ਨਾਲ ਰਹਿਣਗੇ।"

ਆਪਣੇ ਸੰਬੋਧਨ ਵਿੱਚ ਮਹਿਮੂਦ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਸਰਕਾਰੀ ਵਕੀਲ ਦੀਆਂ ਟਿੱਪਣੀਆਂ ਦਾ ਸਮਰਥਨ ਕਰਦੇ ਹਨ ਜਿਨ੍ਹਾਂ ਨੇ ਕਿਹਾ ਸੀ, "ਇਹ ਮਾਮਲਾ ਸਿੱਖ ਧਰਮ ਬਾਰੇ ਨਹੀਂ ਹੈ, ਇਹ ਮਾਮਲਾ ਨਸਲਵਾਦ ਬਾਰੇ ਨਹੀਂ ਹੈ, ਇਹ ਮਾਮਲਾ ਕਤਲ਼ ਬਾਰੇ ਹੈ।"

ਇਸ ਬਿਆਨ ਦਾ ਹਵਾਲਾ ਨੋਵਾਕ ਦੇ ਪਰਿਵਾਰ ਵੱਲੋਂ ਵੀ ਦਿੱਤਾ ਗਿਆ ਸੀ, ਜਿਨ੍ਹਾਂ ਨੇ ਪੁਲਿਸ ਵੱਲੋਂ ਉਸ ਨਾਲ ਕੀਤੇ ਗਏ ਸਲੂਕ ਨੂੰ 'ਅਣਮਨੁੱਖੀ ਅਤੇ ਅਪਮਾਨਜਨਕ' ਦੱਸਿਆ। ਪੁਲਿਸ ਫੋਰਸ ਨੇ ਵੀ ਇਸ ਲਈ ਮਾਫ਼ੀ ਮੰਗੀ ਹੈ।

ਉਸ ਦੇ ਪਿਤਾ ਮਾਰਕ ਨੇ ਕਿਹਾ, "ਹੈਨਰੀ ਨੇ ਪੁਲਿਸ ਕਰਮਚਾਰੀਆਂ ਨੂੰ ਨੌ ਵਾਰ ਕਿਹਾ ਕਿ ਉਹ ਸਾਹ ਨਹੀਂ ਲੈ ਪਾ ਰਿਹਾ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਵਾਰ ਵਾਰ ਚਾਕੂ ਮਾਰਿਆ ਗਿਆ ਸੀ।"

ਉਨ੍ਹਾਂ ਨੇ ਕਿਹਾ, "ਹੈਨਰੀ ਨੂੰ ਰੋੜਿਆਂ ਉੱਤੇ ਘਸੀਟਿਆ ਗਿਆ, ਉਸ ਦੇ ਹੱਥ ਜ਼ਬਰਦਸਤੀ ਪਿੱਛੇ ਕੀਤੇ ਗਏ ਅਤੇ ਉਸ ਨੂੰ ਹੱਥਕੜੀ ਲਗਾ ਦਿੱਤੀ ਗਈ।"

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਅਤੇ ਦਿਗਵਾ ਨਾਲ ਕੀਤੇ ਗਏ ਸਲੂਕ ਵਿਚਲਾ ਅੰਤਰ ਅਸਹਿ ਸੀ।

ਪੁਲਿਸ ਦੇ ਵਤੀਰੇ ਬਾਰੇ ਸਮੀਖਿਆ ਦੀ ਮੰਗ

ਵਿਕਰਮ ਦਿਗਵਾ

ਤਸਵੀਰ ਸਰੋਤ, POLICE HANDOUT

ਤਸਵੀਰ ਕੈਪਸ਼ਨ, ਵਿਕਰਮ ਦਿਗਵਾ ਨੂੰ ਕਤਲ ਦੇ ਦੋਸ਼ ਵਿੱਚ ਘੱਟੋ ਘੱਟ 21 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਹੈਂਪਸ਼ਾਇਰ ਐਂਡ ਆਇਲ ਆਫ ਵਾਈਟ ਕੰਸਟੇਬੁਲਰੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਤਿੰਨ ਪੁਲਿਸ ਅਧਿਕਾਰੀ ਹਾਲੇ ਵੀ ਸੇਵਾ ਵਿੱਚ ਹਨ, ਜਦਕਿ ਇੱਕ ਨੇ ਅਸਤੀਫਾ ਦੇ ਦਿੱਤਾ ਹੈ।

ਹੈਂਪਸ਼ਾਇਰ ਅਤੇ ਆਇਲ ਆਫ ਵਾਈਟ ਦੀ ਪੁਲਿਸ ਅਤੇ ਕਰਾਈਮ ਕਮਿਸ਼ਨਰ ਡੋਨਾ ਜੋਨਸ ਨੇ ਵੱਖਰੇ ਤੌਰ 'ਤੇ ਪੁਲਿਸ ਫੋਰਸ ਦੇ ਕੰਟਰੋਲ ਰੂਮ ਦੇ ਕੰਮਕਾਜ ਇਸ ਦੇ ਪ੍ਰਦਰਸ਼ਨ ਅਤੇ ਇਸ ਘਟਨਾ 'ਤੇ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਦੀ ਟ੍ਰੇਨਿੰਗ ਸਿਖਲਾਈ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ।

ਹੁਣ ਜਾਂਚ ਦਾ ਕੇਂਦਰ ਪੁਲਿਸ ਐਂਟੀ ਰੇਸਿਜ਼ਮ (ਨਸਲਵਾਦ) ਵਚਨਬੱਧਤਾ ਨਾਮੀ ਇੱਕ ਦਸਤਾਵੇਜ਼ ਵੱਲ ਵੀ ਜਾ ਰਿਹਾ ਹੈ ਜਿਸ ਨੂੰ ਨੈਸ਼ਨਲ ਪੁਲਿਸ ਚੀਫ ਕੌਂਸਲ ਵੱਲੋਂ 2025 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

ਮਹਿਮੂਦ ਦੇ ਕਰੀਬੀ ਇੱਕ ਸੂਤਰ ਨੇ ਕਿਹਾ ਕਿ ਇਸ ਦਸਤਾਵੇਜ਼ ਦੀ ਸ਼ਬਦਾਵਲੀ ਕਾਫੀ ਗੁੰਝਲਦਾਰ ਸੀ ਅਤੇ ਇਹ ਬਿਲਕੁਲ ਸਹੀ ਹੈ ਕਿ ਇਸ ਦੀ ਭਾਸ਼ਾ ਦੀ ਸਮੀਖਿਆ ਕੀਤੀ ਗਈ ਤਾਂ ਜੋ ਇਸ ਵਿੱਚ ਕੋਈ ਭੁਲੇਖਾ ਜਾਂ ਅਸਪਸ਼ਟਤਾ ਨਾ ਰਹੇ।

ਫਿਲਿਪ ਨੇ ਇਸ ਦਸਤਾਵੇਜ਼ ਬਾਰੇ ਚਿੰਤਾਵਾਂ ਜਤਾਈਆਂ ਸੀ। ਉਨ੍ਹਾਂ ਨੇ ਇੱਕ ਹਿੱਸੇ ਨੂੰ ਉਜਾਗਰ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਵੱਖ-ਵੱਖ ਨਸਲੀ ਸਮੂਹਾਂ ਦੇ ਲੋਕਾਂ ਲਈ ਪੁਲਿਸਿੰਗ ਦੇ ਬਰਾਬਰ ਨਤੀਜੇ ਬਣਾਉਣ ਦਾ ਮਤਲਬ ਹਰ ਕਿਸੇ ਨਾਲ ਇੱਕੋ ਜਿਹਾ ਸਲੂਕ ਕਰਨਾ ਜਾਂ ਨਸਲ ਪ੍ਰਤੀ ਅੰਨ੍ਹੇ ਹੋਣਾ ਨਹੀਂ ਹੈ।

ਬੌਡੀਕੈਮ ਫੁਟੇਜ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਹੈਨਰੀ ਨੋਵਾਕ ਨੂੰ ਇਹ ਪੁੱਛਦਿਆਂ ਸੁਣਿਆ ਜਾ ਸਕਦਾ ਹੈ, "ਤੁਹਾਡੇ ਚਾਕੂ ਮਾਰਿਆ ਗਿਆ ਹੈ, ਕਿਸ ਜਗ੍ਹਾ 'ਤੇ ? ਮੈਨੂੰ ਨਹੀਂ ਲਗਦਾ ਕਿ ਅਜਿਹਾ ਕੁਝ ਹੋਇਆ ਹੈ ਦੋਸਤ"

ਹੱਥਕੜੀ ਲਗਾਏ ਜਾਣ ਦੌਰਾਨ ਨੋਵਾਕ ਕਈ ਵਾਰ ਕਹਿੰਦਾ ਹੈ, "ਮੈਂ ਸਾਹ ਨਹੀਂ ਲੈ ਪਾ ਰਿਹਾ।"

ਫੁਟੇਜ ਵਿੱਚ ਅੱਗੇ ਚੱਲ ਕੇ ਬੇਹੋਸ਼ ਦਿਖਾਈ ਦੇ ਰਹੇ ਨੋਵਾਕ ਨੂੰ ਦੱਸਿਆ ਜਾ ਰਿਹਾ ਹੈ ਉਸ ਨੂੰ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਜੱਜ ਵਿਲੋਮ ਮੌਸਲੇ ਕੇਸੀ ਨੇ ਸੋਮਵਾਰ ਨੂੰ ਸਜ਼ਾ ਸੁਣਾਉਂਦਿਆਂ ਆਪਣੇ ਬਿਆਨ ਵਿਚ ਕਿਹਾ ਕਿ ਚਾਹੇ ਨੋਵਾਕ ਨੂੰ ਕਿੰਨੀ ਵੀ ਜਲਦੀ ਮੁਢਲੀ ਸਹਾਇਤਾ, ਸੀਪੀਆਰ ਜਾਂ ਮਾਹਿਰ ਡਾਕਟਰੀ ਇਲਾਜ ਕਿਉਂ ਨਾ ਮਿਲ ਜਾਂਦਾ, ਉਸ ਦੇ ਜ਼ਖ਼ਮਾਂ ਦੀ ਗੰਭੀਰਤਾ ਨੂੰ ਦੇਖਦਿਆਂ ਉਸ ਦਾ ਬਚਣਾ ਨਾ-ਮੁਮਕਿਨ ਹੈ।

ਇਸ ਤੋਂ ਇਲਾਵਾ, ਦਿਗਵਾ ਦੇ ਪਿਤਾ 52 ਸਾਲਾ ਮੋਗਾ ਸਿੰਘ ਭਰਾ 26 ਗੁਰਪ੍ਰੀਤ ਨੂੰ ਮੰਗਲਵਾਰ ਦੁਪਹਿਰ ਹਥਿਆਰਾਂ ਦੇ ਦੋਸ਼ਾਂ ਤਹਿਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਬਿਨ੍ਹਾਂ ਕਿਸੇ ਸ਼ਰਤ ਦੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।

ਉਸ ਦੀ ਮਾਂ 53 ਸਾਲਾ ਕਿਰਨ ਕੌਰ ਨੂੰ ਪਹਿਲਾਂ ਹੀ ਹਮਲੇ ਵਿੱਚ ਵਰਤੀ ਕਿਰਪਾਨ ਛੁਪਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਅਪਰਾਧੀ ਦੀ ਮਦਦ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਨ੍ਹਾਂ ਨੂੰ 17 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ।

ਕਰਟਸ ਲੈਨਕੈਸਟਰ ਅਤੇ ਪੀਟਰ ਕੂਕ ਦੇ ਸਹਿਯੋਗ ਨਾਲ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)