'ਜਿਸਦੇ ਭਰਾ ਅਤੇ ਧੀ ਦਾ ਮੁਲਕ 'ਚ ਰਾਜ ਹੋਵੇ, ਉਸਨੂੰ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ', ਨਵਾਜ਼ ਸ਼ਰੀਫ਼ ਦੇ ਇੱਕ ਬਿਆਨ 'ਤੇ ਮੁਹੰਮਦ ਹਨੀਫ਼ ਦੀ ਟਿੱਪਣੀ

ਤਸਵੀਰ ਸਰੋਤ, AAMIR QURESHI/AFP via Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਜ਼ਿੰਦਗੀ ਵਿੱਚ ਵੱਡੇ-ਵੱਡੇ ਨਸੀਬਾਂ ਵਾਲੇ ਲੋਕ ਦੇਖੇ ਹਨ, ਲੇਕਿਨ ਪਾਕਿਸਤਾਨ ਦੇ ਸਾਬਕਾ ਵਜ਼ੀਰ-ਏ-ਆਜ਼ਮ ਮੀਆਂ ਨਵਾਜ਼ ਸ਼ਰੀਫ਼ ਵਰਗਾ ਕੋਈ ਨਹੀਂ ਦੇਖਿਆ। ਉਹ ਤਿੰਨ ਵਾਰ ਖੁਦ ਵਜ਼ੀਰ-ਏ-ਆਜ਼ਮ ਰਹੇ ਹਨ, ਹੁਣ ਉਨ੍ਹਾਂ ਦਾ ਛੋਟਾ ਭਰਾ ਵਜ਼ੀਰ-ਏ-ਆਜ਼ਮ ਹੈ, ਉਨ੍ਹਾਂ ਦੀ ਲਾਡਲੀ ਧੀ ਸਭ ਤੋਂ ਵੱਡੇ ਸੂਬੇ ਪੰਜਾਬ ਦੀ ਮੁੱਖ ਮੰਤਰੀ ਹੈ।
ਨਵਾਜ਼ ਸ਼ਰੀਫ਼ ਸਾਬ੍ਹ ਖੁਦ ਗੋਲਡਨ ਹੈਂਡਸ਼ੇਕ ਲੈਕੇ ਕੋਈ ਫੋਰਸਡ ਰਿਟਾਇਰਮੈਂਟ ਕਿਸਮ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ। ਪੋਤੇ-ਪੋਤਰੀਆਂ ਦੇ ਵਿਆਹ ਕਰਵਾਉਂਦੇ ਹਨ, ਕਿਤੇ ਮਰਗ ਹੋ ਜਾਵੇ ਤਾਂ ਉੱਥੇ ਫਾਤਿਆ ਪੜ੍ਹਨ ਆ ਜਾਂਦੇ ਹਨ।
ਅਤੇ ਕਦੇ-ਕਦੇ ਵੋਟ ਲੈਣ ਵੀ ਨਿੱਕਲ ਪੈਂਦੇ ਹਨ। ਅੱਜ-ਕੱਲ੍ਹ ਗਿਲਗਿਤ-ਬਾਲਤਿਸਤਾਨ 'ਚ ਚੋਣਾਂ ਹੋਣ ਵਾਲੀਆਂ ਹਨ, ਉੱਥੇ ਵੋਟ ਮੰਗਣ ਗਏ ਹਨ।
ਜਿਸਦੇ ਭਰਾ ਅਤੇ ਧੀ ਦਾ ਮੁਲਕ 'ਚ ਰਾਜ ਹੋਵੇ, ਸਾਰੇ ਸੱਜਣ-ਮਿੱਤਰ ਵਜ਼ੀਰ-ਮਸ਼ੀਰ ਲੱਗੇ ਹੋਣ, ਉਸਨੂੰ ਤਾਂ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਪਰ ਨਵਾਜ਼ ਸ਼ਰੀਫ਼ ਸਾਬ੍ਹ ਵੋਟ ਮੰਗਦੇ ਹੋਏ ਵੀ ਲੋਕਾਂ ਨੂੰ ਕਹਿੰਦੇ ਹਨ ਕਿ 'ਮੇਰੇ 'ਤੇ ਬੜਾ ਜ਼ੁਲਮ ਹੋਇਆ ਹੈ'। ਜ਼ੁਲਮ ਕਰਨ ਵਾਲੇ ਦਾ ਨਾਮ ਨਹੀਂ ਲੈਂਦੇ।
'ਮੀਆਂ ਸਾਬ੍ਹ ਨਾਮ ਨਹੀਂ ਲੈਂਦੇ, ਗੱਲ ਘੁੰਮਾ-ਫਿਰਾ ਕੇ ਆਵਾਮ 'ਤੇ ਪਾਈ ਜਾਂਦੇ ਨੇ'

ਤਸਵੀਰ ਸਰੋਤ, Mohammed Hanif
'ਗਿਲਗਿਤ ਵਿੱਚ ਫਰਮਾਇਆ ਕਿ ਮੈਨੂੰ ਤੁਹਾਡੇ ਨਾਲ ਬੜਾ ਗਿਲਾ ਹੈ, ਮੈਨੂੰ ਦੇਸ ਨਿਕਾਲਾ ਮਿਲਿਆ, ਮੈਨੂੰ ਜੇਲ੍ਹ 'ਚ ਪਾਇਆ ਗਿਆ ਤੇ ਜੇ ਤੁਹਾਡਾ ਹਾਲ ਭੈੜਾ ਹੈ ਤਾਂ ਮੇਰੇ ਨਾਲ ਸ਼ਿਕਵਾ ਨਾ ਕਰੋ, ਕਸੂਰ ਤੁਹਾਡਾ ਵੀ ਹੈ।'
ਤਿੰਨ ਵਾਰ ਵਜ਼ੀਰ-ਏ-ਆਜ਼ਮ ਰਹਿਣ ਵਾਲਾ ਬੰਦਾ ਇੰਨਾ ਕੁ ਸਿਆਣਾ ਤਾਂ ਹੋਵੇਗਾ ਕਿ ਉਸਨੂੰ ਪਤਾ ਹੋਵੇ ਕਿ ਨਾ ਹੀ ਲੋਕਾਂ ਨੇ ਉਸਨੂੰ ਦੇਸ ਨਿਕਾਲਾ ਦਿੱਤਾ ਅਤੇ ਨਾ ਹੀ ਲੋਕਾਂ ਦੀ ਇੰਨੀ ਹਿਮੰਤ ਜਾਂ ਤਾਕਤ ਕਿ ਉਹ ਜੇਲ੍ਹ ਪਾ ਸਕਣ ਤੇ ਨਾ ਹੀ ਹੁਣ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਸਿਰ 'ਤੇ ਲਿਆ ਕੇ ਬਿਠਾਇਆ ਹੈ।
ਜਿਨ੍ਹਾਂ ਨੇ ਦੇਸ ਨਿਕਾਲਾ ਦਿੱਤਾ ਸੀ, ਉਨ੍ਹਾਂ ਨੇ ਹੀ ਉਨ੍ਹਾਂ ਨੂੰ ਘਰ ਬੁਲਾਇਆ ਹੈ।
ਪੁਰਾਣੇ ਜ਼ਮਾਨੇ ਦੀਆਂ ਜਨਾਨੀਆਂ ਖਸਮ (ਪਤੀ) ਦਾ ਨਾਮ ਨਹੀਂ ਸਨ ਲੈਂਦੀਆਂ, ਕਹਿੰਦੀਆਂ ਸਨ ਕਿ ਇਸ ਨਾਲ ਨਿਕਾਹ ਟੁੱਟ ਜਾਂਦਾ ਹੈ। ਮੀਆਂ ਸਾਬ੍ਹ ਵੀ ਨਾਮ ਨਹੀਂ ਲੈਂਦੇ, ਗੱਲ ਘੁੰਮਾ-ਫਿਰਾ ਕੇ ਆਵਾਮ 'ਤੇ ਪਾਈ ਜਾਂਦੇ ਨੇ।
'ਹਮੇਂ ਕੌਮ ਠੀਕ ਨਹੀਂ ਮਿਲੀ'

ਤਸਵੀਰ ਸਰੋਤ, AFP
ਇਹ ਸਾਡੇ ਸਿਰਫ ਸਿਆਸਤਦਾਨ ਹੀ ਨਹੀਂ, ਜਿਹੜੇ ਕਹਿੰਦੇ ਹਨ ਕਿ 'ਹਮੇਂ ਕੌਮ ਠੀਕ ਨਹੀਂ ਮਿਲੀ', ਇਸ ਤੋਂ ਪਹਿਲਾਂ ਸਾਡੇ ਆਰਮੀ ਚੀਫ਼ ਜਨਰਲ ਬਾਜਵਾ ਸਾਬ੍ਹ ਗੁਜ਼ਰੇ ਨੇ, ਉਨ੍ਹਾਂ ਨੇ ਛੇ ਸਾਲ ਟਿਕ ਕੇ ਡੰਡਾ ਚਲਾਇਆ ਹੈ। ਇੱਕ ਵਜ਼ੀਰ-ਏ-ਆਜ਼ਮ ਨੂੰ ਜੇਲ੍ਹ 'ਚ ਪਾਇਆ ਹੈ, ਇੱਕ ਨੂੰ ਵਜ਼ੀਰ-ਏ-ਆਜ਼ਮ ਬਣਵਾਇਆ ਹੈ, ਫਿਰ ਉਹਨੂੰ ਵੀ ਕਢਵਾਇਆ ਹੈ।
ਪਰ ਜਾਂਦੇ-ਜਾਂਦੇ ਆਪਣੇ ਫੇਅਰਵੈਲ ਸਪੀਚ 'ਚ ਫ਼ਰਮਾ ਗਏ ਕਿ 'ਮੈਨੂੰ ਮੁਲਕ ਹੀ ਠੀਕ ਨਹੀਂ ਮਿਲਿਆ, ਨਾਲ ਇੰਡੀਆ 'ਚ ਦੇਖੋ, ਉੱਥੇ ਜਰਨੈਲਾਂ ਦੀ ਬੜੀ ਕਦਰ ਹੁੰਦੀ ਹੈ'।
ਇਮਰਾਨ ਖਾਨ ਸਾਬ੍ਹ ਕਿੰਨੇ ਸਾਲਾਂ ਤੋਂ ਜੇਲ੍ਹ 'ਚ ਹਨ, ਹੁਣ ਤੱਕ ਪਤਾ ਨਹੀਂ ਉਨ੍ਹਾਂ ਨੇ ਹੋਰ ਕੋਈ ਸਬਕ ਸਿੱਖਿਆ ਹੈ ਜਾਂ ਨਹੀਂ ਸਿੱਖਿਆ, ਇਹ ਗੱਲ ਜ਼ਰੂਰ ਸਮਝ ਆ ਗਈ ਹੋਣੀ ਹੈ ਕਿ ਬਈ ਜਿਹੜੀ ਕੌਮ ਮੇਰੇ ਪਿੱਛੇ ਲੱਗੀ ਸੀ, ਇਹ ਮੇਰੇ ਵਰਗੇ ਵੱਡੇ ਲੀਡਰ ਨੂੰ ਡਿਜ਼ਰਵ ਹੀ ਨਹੀਂ ਕਰਦੀ।
ਹਕੂਮਤ ਇੱਥੇ ਹੁਣ ਦਿਨ-ਰਾਤ ਗਰੀਬ-ਮਜ਼ਦੂਰ ਦੇ ਖੀਸੇ (ਜੇਬ੍ਹ) ਵਿੱਚੋਂ ਰੁਪਈਏ ਕੱਢ ਕੇ ਸੇਠਾਂ ਦੇ ਬੈਂਕ ਅਕਾਊਂਟਾਂ 'ਚ ਪਾਈ ਜਾਂਦੀ ਹੈ। ਤੇ ਕਦੇ ਕਿਸੇ ਸੇਠ ਨੂੰ ਪੁੱਛ ਲਓ ਤਾਂ ਉਹ ਤੁਹਾਨੂੰ ਇਹੀ ਕਹੇਗਾ ਕਿ 'ਇਹ ਕੌਮ ਹੈ ਹੀ ਮੁਫ਼ਤਖੋਰ, ਗਰੀਬ ਇਸ ਮੁਲਕ ਨੂੰ ਲੁੱਟ ਕੇ ਖਾ ਗਏ ਨੇ'।
ਜਿਨ੍ਹਾਂ ਨੇ ਇੱਕ-ਦੂਜੇ ਦੇ ਫਾਰਮ 'ਤੇ ਸਾਈਨ ਕਰਕੇ, ਆਪਸ 'ਚ ਪਲਾਟ ਵੰਡ ਕੇ ਇਸਲਾਮਾਬਾਦ 'ਚ ਮਹਿਲ ਬਣਾਏ ਨੇ, ਉਨ੍ਹਾਂ ਦਾ ਹੁਕਮ ਇਹ ਹੈ ਕਿ ਇਸਲਾਮਾਬਾਦ ਵਿੱਚ ਗਰੀਬਾਂ ਦੇ ਨਾਜਾਇਜ਼ ਕਬਜ਼ੇ ਨੇ, ਇਨ੍ਹਾਂ ਦੇ ਘਰਾਂ 'ਤੇ ਬੁਲਡੋਜ਼ਰ ਚਲਾਓ।
'ਕਸੂਰ ਤੁਹਾਡਾ ਹੈ, ਹੁਣ ਤੁਸੀਂ ਹੀ ਭੁਗਤੋ'

ਤਸਵੀਰ ਸਰੋਤ, Getty Images
ਮੀਆਂ ਨਵਾਜ਼ ਸ਼ਰੀਫ ਨੇ ਲੋਕਾਂ ਨੂੰ ਇਹ ਵੀ ਤਸੱਲੀ ਦਿੱਤੀ ਹੈ ਕਿ 'ਤੁਸੀਂ ਮੈਨੂੰ ਵੋਟ ਪਾਓ ਜਾਂ ਨਾ ਪਾਓ, ਮੈਂ ਤੁਹਾਡੀ ਖਿਦਮਤ ਕਰਦਾ ਰਹਾਂਗਾ'।
ਮੀਆਂ ਸਾਬ੍ਹ ਸਿੱਧਾ ਜਿਹਾ ਸੌਦਾ ਕਰਕੇ ਆਏ ਨੇ ਕਿ 'ਹਕੂਮਤ ਮੇਰੇ ਘਰ 'ਚ ਹੀ ਰਹਿਣ ਦਿਓ, ਮੈਂ ਆਰਾਮ ਨਾਲ ਘਰ ਬੈਠਾ ਰਹਾਂਗਾ, ਮੈਨੂੰ ਅਤੇ ਮੇਰੇ ਖਾਨਦਾਨ ਨੂੰ ਨਾ ਛੇੜੋ। ਬਾਕੀ ਇਹ ਆਵਾਮ ਤਾਂ ਹੈ ਹੀ ਕਸੂਰਵਾਰ, ਇਨ੍ਹਾਂ 'ਚੋਂ ਜਿਸਨੂੰ ਜੇਲ੍ਹ ਪਾਉਣਾ ਹੈ ਪਾਈ ਜਾਓ, ਮੈਂ ਨਹੀਂ ਕੁਸਕਦਾ।'
ਮੇਰੇ ਸਿਆਸੀ ਵੈਰੀਆਂ ਨੂੰ ਤਾਂ ਜੇਲ੍ਹ ਬੰਦ ਕਰਕੇ ਕੂੰਜੀਆਂ ਹੀ ਸੁੱਟ ਦਿਓ। ਜੇ ਬਾਕੀ ਕਿਤੇ ਮਹਿਰੰਗ ਬਲੋਚ ਇਹ ਪੁੱਛੇ ਕਿ ਮੇਰੇ ਪਿਆਰਿਆਂ ਦਾ ਹਿਸਾਬ ਦਿਓ, ਉਸਨੂੰ ਵੀ ਜੇਲ੍ਹ 'ਚ ਪਾ ਦਿਓ।'
'ਫਿਰ ਜੇ ਕੋਈ ਈਮਾਨ ਮਜ਼ਾਰੀ ਪੁੱਛੇ ਕਿ ਕਿਹੜੇ ਕਾਨੂੰਨ ਤਹਿਤ ਉਸਨੂੰ ਜੇਲ੍ਹ 'ਚ ਪਾਇਆ ਹੈ, ਤਾਂ ਈਮਾਨ ਮਜ਼ਾਰੀ ਨੂੰ ਵੀ ਜੇਲ੍ਹ 'ਚ ਪਾ ਦਿਓ।'
'ਤੇ ਜੇ ਕੋਈ ਨਾ ਵੀ ਬੋਲੇ, ਕੋਈ ਜੁਨੈਦ ਹਫ਼ੀਜ਼ ਦੀ ਤਰ੍ਹਾਂ ਚੁੱਪ ਕਰਕੇ ਨੁੱਕਰ 'ਚ ਕਿਤਾਬਾਂ ਪੜ੍ਹ ਰਿਹਾ ਹੋਵੇ, ਕਲਾਸ ਪੜ੍ਹ ਰਿਹਾ ਹੋਵੇ... ਉਹਦੇ ਨਾਲ ਤਾਂ ਜੋ ਕਰਨਾ ਹੈ ਕਰੀ ਜਾਓ, ਕਿਉਂਕਿ ਇਹ ਸਾਰੇ ਹੈ ਹੀ ਕਸੂਰਵਾਰ। ਬਸ ਤੁਸੀਂ ਮੇਰੇ ਜ਼ੁਲਮ ਦੀ ਦਾਸਤਾਨ ਸੁਣੀ ਜਾਓ।'
ਕਿਹਾ ਤਾਂ ਉਨ੍ਹਾਂ ਨੇ ਇਹ ਹੈ ਕਿ ਮੈਨੂੰ ਵੋਟ ਦਿਓ ਜਾਂ ਨਾ ਦਿਓ, ਖਿਦਮਤ ਮੈਂ ਤੁਹਾਡੀ ਕਰਦਾ ਰਹਾਂਗਾ... ਲੋਕਾਂ ਨੂੰ ਇਹ ਗੱਲ ਸਮਝ ਆਈ ਹੈ ਕਿ ਵੋਟ ਦੇਣਾ ਹੈ ਦਿਓ, ਨਹੀਂ ਦੇਣਾ ਨਾ ਦਿਓ, ਰਾਜ ਤਾਂ ਮੇਰਾ ਟੱਬਰ ਹੀ ਕਰੇਗਾ। ਕਸੂਰ ਤੁਹਾਡਾ ਹੈ, ਹੁਣ ਤੁਸੀਂ ਹੀ ਭੁਗਤੋ।
ਰੱਬ ਰਾਖਾ!
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













