ਕੀ ਤੁਸੀਂ ਵੀ ਘੰਟਿਆਂ ਤੱਕ ਆਪਣੇ ਫੋਨ 'ਤੇ ਸਕ੍ਰੋਲ ਕਰਦੇ ਰਹਿੰਦੇ ਹੋ? ਅਜਿਹਾ ਕਰਨ ਦੇ ਸਿਹਤ 'ਤੇ ਕੀ ਪ੍ਰਭਾਵ ਹੋ ਸਕਦੇ ਹਨ?

    • ਲੇਖਕ, ਲਿਵ ਮੈਕਮੈਹੋਨ
    • ਰੋਲ, ਟੈਕਨੋਲੋਜੀ ਰਿਪੋਰਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਸਾਡੇ ਵਿੱਚੋਂ ਕਈਆਂ ਨੇ ਇਹ ਤਜਰਬਾ ਕੀਤਾ ਹੋਣਾ: ਜਦੋਂ ਤੁਸੀਂ ਕੁਝ ਚੈਕ ਕਰਨ ਲਈ ਆਪਣਾ ਫੋਨ ਚੁੱਕਿਆ ਅਤੇ ਪਲਕ ਝਪਕਦੇ ਹੀ ਤੁਹਾਨੂੰ ਧਿਆਨ ਆਉਂਦਾ ਹੈ ਕਿ ਤੁਸੀਂ ਇੱਕ ਘੰਟੇ ਤੋਂ ਸਕ੍ਰੋਲ ਕਰ ਰਹੇ ਹੋ।

ਇੱਕ ਨਵੀਂ ਰਿਪੋਰਟ ਮੁਤਾਬਕ, ਲੋਕਾਂ ਦਾ ਅੰਦਾਜ਼ਾ ਹੈ ਕਿ ਉਹ ਆਪਣੇ ਫ਼ੋਨ 'ਤੇ ਇੱਕ ਤਿਹਾਈ ਤੋਂ ਵੱਧ ਸਮਾਂ ਬਿਨਾਂ ਕਿਸੇ ਸਪਸ਼ਟ ਮਕਸਦ ਦੇ ਬਿਤਾਉਂਦੇ ਹਨ।

ਕੈਂਬ੍ਰਿਜ ਯੂਨੀਵਰਸਿਟੀ ਦੇ ਡਾਕਟਰ ਐਲੀਨੋਰ ਡ੍ਰੇਜ ਨੇ ਕਿਹਾ, "ਇਹ ਸਿਰਫ਼ ਲੋਕਾਂ ਵੱਲੋਂ ਗਲਤ ਚੋਣ ਕਰਨ ਦਾ ਸਵਾਲ ਨਹੀਂ ਹੈ,"ਸਗੋਂ ਇਹ ਵੀ ਹੈ ਕਿ ਅਸੀਂ "ਟੈਕਨੋਲੋਜੀ ਦੀ ਇਮਰਸਿਵ ਪ੍ਰਕਿਰਤੀ ਕਾਰਨ ਕਮਜ਼ੋਰ ਹੋ ਰਹੇ ਹਾਂ।"

(ਸੌਖੇ ਸ਼ਬਦਾਂ ਵਿੱਚ , ਉਨ੍ਹਾਂ ਦਾ ਕਹਿਣਾ ਹੈ ਕਿ ਲੋਕ (ਹਮੇਸ਼ਾ) ਜਾਣ-ਬੁੱਝ ਕੇ ਅਜਿਹਾ ਨਹੀਂ, ਬਲਕਿ ਇਸ ਤਕਨੀਕ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਹੈ ਜੋ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਲੰਮੇ ਸਮੇਂ ਤੱਕ ਜੁੜੇ ਰਹਿਣ ਨੂੰ ਮਜਬੂਰ ਕਰ ਦਿੰਦਾ ਹੈ।)

ਬਾਥ ਸਪਾ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟ ਐਟਚੇਲਜ਼ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਫ਼ੋਨ ਦੀ ਵਰਤੋਂ ਬਾਰੇ ਖੁਦ ਰਿਪੋਰਟ ਕਰਨ ਲਈ ਕਹਿਣਾ ਭਰੋਸੇਯੋਗ ਨਹੀਂ ਹੋ ਸਕਦਾ, ਇਸ ਲਈ ਆਪਣੀਆਂ ਆਦਤਾਂ ਨੂੰ ਪਛਾਣਨਾ ਉਨ੍ਹਾਂ ਨੂੰ ਮੈਨੇਜ ਕਰਨ ਲਈ "ਬਹੁਤ ਅਹਿਮ ਪਹਿਲਾ ਕਦਮ" ਹੈ।

ਵਰਜਿਨ ਮੀਡੀਆ O2 ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਪਾਇਆ ਗਿਆ ਕਿ ਯੂਕੇ ਦੇ ਬਾਲਗ ਔਸਤਨ ਹਰ ਰੋਜ਼ ਆਪਣੇ ਫ਼ੋਨ 'ਤੇ ਚਾਰ ਘੰਟੇ ਬਿਤਾਉਂਦੇ ਹਨ, ਜਿਸ ਵਿੱਚੋਂ 36% ਸਮਾਂ ਅਣਜਾਣੇ ਵਿੱਚ ਬੀਤਦਾ ਹੈ।

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਬਹੁਤ ਸਾਰੇ ਲੋਕ ਆਪਣੇ ਸਕ੍ਰੀਨ ਟਾਈਮ ਨੂੰ ਕੰਟਰੋਲ ਕਰਨ ਵਾਲੇ ਟੂਲਾਂ ਬਾਰੇ ਜਾਣਦੇ ਹਨ, ਪਰ ਉਨ੍ਹਾਂ ਨੂੰ ਵਰਤਣਾ ਨਹੀਂ ਚਾਹੁੰਦੇ ਜਾਂ ਵਰਤਣ ਵਿੱਚ ਘੌਲ ਕਰਦੇ ਹਨ।

ਕੈਂਬ੍ਰਿਜ ਯੂਨੀਵਰਸਿਟੀ ਦੇ ਇੱਕ ਸੀਨੀਅਰ ਰਿਸਰਚ ਫੈਲੋ, ਡ੍ਰੇਜ ਨੇ ਕਿਹਾ, "ਡਿਵਾਈਸ ਦੀ ਬਹੁਤ ਜ਼ਿਆਦਾ ਅਤੇ ਆਦਤਨ ਵਰਤੋਂ ਦੇ ਨੁਕਸਾਨਾਂ ਬਾਰੇ ਵਧ ਰਹੀ ਜਾਗਰੂਕਤਾ ਦੇ ਬਾਵਜੂਦ, ਲੋਕ ਆਨਲਾਈਨ ਆਪਣਾ ਸਮਾਂ ਮੈਨੇਜ ਕਰਨ ਵਿੱਚ ਮੁਸ਼ਕਿਲ ਮਹਿਸੂਸ ਕਰਦੇ ਹਨ।"

ਸਰਵੇਖਣ ਵਿੱਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਉਹ ਜ਼ਿਆਦਾਤਰ ਜਾਣ-ਬੁੱਝ ਕੇ ਸਮਾਰਟਫ਼ੋਨ ਦੀ ਵਰਤੋਂ ਕਰਦੇ ਸਨ - ਜਿਸ ਵਿੱਚ ਸੁਨੇਹੇ ਭੇਜਣਾ, ਮੈਪ ਵਰਤਣਾ ਜਾਂ ਮੌਸਮ ਦੇਖਣਾ ਵਰਗੇ ਕੰਮ ਸ਼ਾਮਲ ਸਨ।

ਪਰ ਨਾਲ ਹੀ ਭਾਗੀਦਾਰਾਂ ਨੇ ਕਿਹਾ ਕਿ ਉਹ ਬਿਨਾਂ ਸੋਚੇ-ਸਮਝੇ ਸਕ੍ਰੋਲ ਕਰਨ ਜਾਂ ਐਪਾਂ ਰਾਹੀਂ ਫ਼ਲਿਕ ਕਰਨ ਵਿੱਚ ਵੀ ਸਮਾਂ ਬਿਤਾਉਂਦੇ ਸਨ।

ਸਰਵੇਖਣ ਵਿੱਚ ਦੱਸਿਆ ਗਿਆ ਕਿ ਜੋ ਲੋਕ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਆਪਣੇ ਫ਼ੋਨ ਦੀ ਵੱਧ ਵਰਤੋਂ ਕਰਦੇ ਹਨ, ਉਨ੍ਹਾਂ ਵੱਲੋਂ ਮਾੜੇ ਤਜਰਬੇ ਦੱਸਣ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ। ਜਿਸ ਵਿੱਚ ਬਾਅਦ ਵਿੱਚ ਹੋਰ ਮਾੜਾ ਮਹਿਸੂਸ ਕਰਨਾ ਜਾਂ ਨੁਕਸਾਨਦਾਇਕ ਜਾਂ ਪਰੇਸ਼ਾਨ ਕਰਨ ਵਾਲੀ ਸਮੱਗਰੀ ਦੇਖਣਾ ਸ਼ਾਮਲ ਹੈ।

ਏਜ ਆਫ਼ ਆਟੋਪਾਇਲਟ ਨਾਮਕ ਇਸ ਰਿਪੋਰਟ ਵਿੱਚ 2024 ਅਤੇ 2026 ਦੇ ਦਰਮਿਆਨ ਕੀਤੇ ਗਏ ਤਿੰਨ ਸਰਵੇਖਣਾਂ ਤੋਂ ਮਿਲੀ ਜਾਣਕਾਰੀ ਦੀ ਵਰਤੋਂ ਕੀਤੀ ਗਈ।

ਇਨ੍ਹਾਂ ਵਿੱਚੋਂ ਸਭ ਤੋਂ ਨਵੇਂ ਸਰਵੇਖਣ ਵਿੱਚ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਗਭਗ 6,000 ਲੋਕਾਂ ਤੋਂ ਪੁੱਛਿਆ ਗਿਆ ਕਿ ਉਹ ਆਪਣੇ ਸਕ੍ਰੀਨ ਟਾਈਮ ਬਾਰੇ ਕਿਵੇਂ ਮਹਿਸੂਸ ਕਰਦੇ ਹਨ।

ਪਰ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਖੁਦ ਦੱਸੇ ਗਏ ਸਕ੍ਰੀਨ ਟਾਈਮ ਦੇ ਅੰਕੜਿਆਂ 'ਤੇ ਭਰੋਸਾ ਕਰਨ ਨਾਲ ਕਿਸੇ ਦੀਆਂ ਆਦਤਾਂ, ਸਿਹਤ ਜਾਂ ਸਕ੍ਰੀਨ ਟਾਈਮ ਦੀਆਂ ਬਾਰੀਕੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ।

ਕਿਉਂ ਬੇਵਜ੍ਹਾ ਸਕ੍ਰੋਲਿੰਗ ਤੋਂ ਨਹੀਂ ਟੱਲਦੇ ਲੋਕ

ਬਾਥ ਸਪਾ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਅਤੇ ਸਾਇੰਸ ਕਮਿਊਨੀਕੇਸ਼ਨ ਦੇ ਪ੍ਰੋਫੈਸਰ ਏਚੇਲਜ਼ ਨੇ ਕਿਹਾ, "ਚੀਜ਼ਾਂ ਜਾਂ ਕੰਮਾਂ ਨੂੰ ਕਰਨ ਵਿੱਚ ਜੋ ਸਮਾਂ ਲੱਗਦਾ ਹੈ, ਖਾਸ ਕਰਕੇ ਤਕਨੀਕ ਨਾਲ ਜੁੜੀਆਂ ਚੀਜ਼ਾਂ ਵਿੱਚ , ਉਸ ਸਮੇਂ ਦਾ ਅੰਦਾਜ਼ਾ ਲਗਾਉਣ ਵਿੱਚ ਅਸੀਂ ਬਹੁਤ ਮਾੜੇ ਹਾਂ।''

ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਫ਼ੋਨ ਦੀ ਵਰਤੋਂ ਅਤੇ ਸਕ੍ਰੀਨ ਟਾਈਮ ਬਾਰੇ ਖੁਦ ਦੱਸੇ ਗਏ ਅੰਕੜੇ ਅਕਸਰ ਅਬਜੈਕਟਿਵ ਮੈਜ਼ਰਮੈਂਟਸ ਨਾਲੋਂ ਵੱਧ ਦੱਸੇ ਜਾਂਦੇ ਹਨ - ਸੌਖੇ ਸ਼ਬਦਾਂ ਵਿੱਚ, ਜੇਕਰ ਇਨ੍ਹਾਂ ਅੰਕੜਿਆਂ ਦੀ ਤੁਲਨਾ ਕਿਸੇ ਵਿਅਕਤੀ ਦੀ ਸਿਹਤ ਨਾਲ ਕੀਤੀ ਜਾਵੇ, ਤਾਂ ਇਹ ਦੋਵਾਂ ਵਿਚਕਾਰ ਹਕੀਕਤ ਤੋਂ ਕਿਤੇ ''ਜ਼ਿਆਦਾ ਡੂੰਘਾ ਸਬੰਧ'' ਦਿਖਾ ਸਕਦਾ ਹੈ।

ਹਾਲਾਂਕਿ, ਏਚੇਲਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੰਕੜਿਆਂ ਬਾਰੇ ਕੁਝ ਹੱਦ ਤੱਕ ਖਦਸ਼ੇ ਹੋਣ ਦੇ ਬਾਵਜੂਦ, ਏਜ ਆਫ਼ ਆਟੋਪਾਇਲਟ ਰਿਪੋਰਟ ਇਹ ਦਿਖਾਉਣ ਵਿੱਚ ਲਾਭਦਾਇਕ ਹੈ ਕਿ ਲੋਕ ਫ਼ੋਨ ਵਰਤੋਂ ਦੀਆਂ ਆਪਣੀਆਂ ਆਦਤਾਂ ਬਾਰੇ ਹੋਰ ਜਾਗਰੂਕ ਹੋ ਰਹੇ ਹਨ।

ਉਨ੍ਹਾਂ ਕਿਹਾ, "ਇਹ ਜਾਣ ਸਕਣਾ ਕਿ ਤੁਸੀਂ ਇਸ ਦੀ ਵਰਤੋਂ ਉਦੋਂ ਵੀ ਕਰ ਰਹੇ ਹੋ, ਜਦੋਂ ਤੁਸੀਂ ਨਹੀਂ ਚਾਹੁੰਦੇ ਜਾਂ ਜਦੋਂ ਇਸ ਦੀ ਲੋੜ ਨਹੀਂ ਹੈ, ਇੱਕ ਬਹੁਤ ਮਹੱਤਵਪੂਰਨ ਪਹਿਲਾ ਕਦਮ ਹੈ।"

ਏਚੇਲਜ਼ ਨੇ ਅੱਗੇ ਕਿਹਾ ਕਿ ਸਕ੍ਰੀਨ ਟਾਈਮ ਦੇ ਪ੍ਰਭਾਵ ਨੂੰ ਸਮਝਣ ਲਈ ਮਹੱਤਵਪੂਰਨ ਗੱਲ ਇਹ ਜਾਣਨਾ ਹੈ ਕਿ ਇਹ ਹਮੇਸ਼ਾ "ਇੱਕਸਾਰ ਮਾੜਾ" ਨਹੀਂ ਹੁੰਦਾ, ਸਗੋਂ ਇਹ ਪਛਾਣਨਾ ਹੈ ਕਿ ਕਦੋਂ ਇਹ ਅਣਚਾਹੇ ਵਿਵਹਾਰ ਜਾਂ ਖ਼ਤਰਨਾਕ ਗਤੀਵਿਧੀਆਂ ਵੱਲ ਲੈਕੇ ਜਾ ਸਕਦਾ ਹੈ, ਜਿਵੇਂ ਕਿ ਗੱਡੀ ਚਲਾਉਂਦੇ ਸਮੇਂ ਆਪਣਾ ਫ਼ੋਨ ਚੈਕ ਕਰਨਾ।

ਰੀਡਿੰਗ ਯੂਨੀਵਰਸਿਟੀ ਦੇ ਨੇਟਾ ਵੇਨਸਟਾਈਨ ਨੇ ਕਿਹਾ ਕਿ ਲੋਕਾਂ ਨੂੰ ਬਿਨਾਂ ਸੋਚੇ-ਸਮਝੇ ਆਪਣੇ ਫ਼ੋਨ ਵਰਤੋਂ ਬਾਰੇ ਬਹੁਤ ਜ਼ਿਆਦਾ ਨਿਰਣਾਇਕ ਹੋਣ ਤੋਂ ਬਚਣਾ ਚਾਹੀਦਾ ਹੈ - ਸਕ੍ਰੋਲਿੰਗ ਕੁਝ ਲੋਕਾਂ ਲਈ ਰਿਲੈਕਸ ਕਰਨ, ਧਿਆਨ ਹੋਰ ਪਾਸੇ ਲਗਾਉਣ, ਹਾਸੇ-ਮਜ਼ਾਕ ਜਾਂ ਸੰਪਰਕ ਬਣਾਉਣ ਵਿੱਚ ਮਦਦਗਾਰ ਹੋ ਸਕਦੀ ਹੈ।

ਉਨ੍ਹਾਂ ਕਿਹਾ, "ਪਰ ਇਹ ਪੁੱਛਣਾ ਜ਼ਰੂਰੀ ਹੈ ਕਿ ਕੀ ਇਹ ਸੱਚਮੁੱਚ ਸਾਨੂੰ ਚੰਗਾ ਮਹਿਸੂਸ ਕਰਵਾਉਂਦੀ ਹੈ, ਜਾਂ ਕੀ ਅਸੀਂ ਬਾਅਦ ਵਿੱਚ ਬਿਹਤਰ ਮਹਿਸੂਸ ਨਹੀਂ ਕਰਦੇ, ਅਤੇ ਕਈ ਵਾਰ ਤਾਂ ਹੋਰ ਵੀ ਮਾੜਾ ਮਹਿਸੂਸ ਕਰਦੇ ਹਾਂ।"

ਬੇਲੋੜੀ ਸਕ੍ਰੋਲਿੰਗ ਬਚਣ ਲਈ ਮਾਹਰ ਕੀ ਸਲਾਹ ਦਿੰਦੇ ਹਨ

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਇਸ ਚੁਣੌਤੀ ਨੂੰ ਵੀ ਸਾਹਮਣੇ ਲਿਆਉਣ ਦਾ ਇੱਕ ਮੌਕਾ ਹਨ ਕਿ ਸਮਾਰਟਫ਼ੋਨ ਡਿਜ਼ਾਈਨ ਕਿਵੇਂ ਸਾਡੀਆਂ ਆਦਤਾਂ 'ਤੇ ਅਸਰ ਪਾਉਂਦਾ ਹੈ।

ਏਚੇਲਜ਼ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਨੋਟੀਫਿਕੇਸ਼ਨਾਂ ਨੂੰ ਲੈ ਕੇ ਟੈਕ ਕੰਪਨੀਆਂ 'ਤੇ ਹੋਰ ਦਬਾਅ ਪਾਇਆ ਜਾਵੇ। ਕਿਉਂਕਿ ਉਹ ਕਹਿੰਦੇ ਹਨ ਕਿ ਫੋਨ ਵਿੱਚ ਨੋਟੀਫਿਕੇਸ਼ਨ ਅਕਸਰ ਡਿਫ਼ਾਲਟ ਤੌਰ 'ਤੇ ਚਾਲੂ ਹੁੰਦੇ ਹਨ ਅਤੇ "ਇਹ ਡਿਜ਼ਾਈਨ ਦਾ ਕੋਈ ਵਿਕਲਪ ਨਹੀਂ ਹੈ, ਜਿਸ ਵਿੱਚ ਸਾਡੇ (ਉਪਭੋਗਤਾਵਾਂ ਦੇ) ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੋਵੇ।''

ਲੀਡਜ਼ ਯੂਨੀਵਰਸਿਟੀ ਵਿੱਚ ਮੀਡੀਆ ਅਤੇ ਕਮਿਊਨੀਕੇਸ਼ਨ ਦੇ ਸੀਨੀਅਰ ਲੈਕਚਰਰ, ਰੇਫ ਕਲੇਟਨ ਨੇ ਬੀਬੀਸੀ ਨੂੰ ਦੱਸਿਆ ਕਿ ਜ਼ਰੂਰੀ ਐਪਾਂ ਨੂੰ ਛੱਡ ਕੇ ਬਾਕੀ ਸਾਰੀਆਂ ਐਪਾਂ ਲਈ ਨੋਟੀਫਿਕੇਸ਼ਨ ਬੰਦ ਕਰਨਾ, ਉਨ੍ਹਾਂ 'ਤੇ ਵਧੇਰੇ ਕੰਟਰੋਲ ਰੱਖਣ ਦਾ ਇੱਕ ਤਰੀਕਾ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਬਿਨਾਂ ਸੋਚੇ-ਸਮਝੇ ਸਕ੍ਰੋਲ ਕਰਨ 'ਤੇ ਰੋਕ ਲਗਾਉਣ ਦੀ ਸਲਾਹ ਵਿੱਚ ਇਹ ਵੀ ਸ਼ਾਮਲ ਹੋ ਸਕਦਾ ਹੈ ਕਿ "ਡਿਜ਼ੀਟਲ ਦੁਨੀਆ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਵੱਧ ਸਮਾਂ ਬਿਤਾਇਆ ਜਾਵੇ"।

ਡ੍ਰੇਜ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ, ਡਿਵਾਈਸ ਦੀ ਵਰਤੋਂ ਨੂੰ "ਮੈਨੇਜੇਬਲ" ਬਣਾਉਣਾ ਅਤੇ ਲੋਕਾਂ ਨੂੰ ਇਹ ਕਹਿਣ ਵਿੱਚ ਵੱਧ ਸਮਰੱਥ ਬਣਾਉਣਾ ਹੈ ਕਿ ਤਕਨੀਕ ਕਿਵੇਂ ਡਿਜ਼ਾਈਨ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ, "ਸੱਚਾਈ ਇਹ ਹੈ ਕਿ ਅਸੀਂ ਆਪਣੇ ਮਿਨੀ ਸੁਪਰ-ਕੰਪਿਊਟਰਾਂ ਦੀ ਵਰਤੋਂ ਕਰਦੇ ਰਹਾਂਗੇ, ਜਿਨ੍ਹਾਂ ਨੂੰ ਅਸੀਂ ਆਪਣੇ ਨਾਲ ਲੈ ਕੇ ਫਿਰਦੇ ਹਾਂ।"

"ਉਹ ਸੱਚਮੁੱਚ ਲਾਭਦਾਇਕ ਹਨ, ਉਹ ਸੱਚਮੁੱਚ ਮਜ਼ੇਦਾਰ ਹੋ ਸਕਦੇ ਹਨ... ਅਤੇ ਅਸੀਂ ਸੱਚਮੁੱਚ ਜੁੜੇ ਰਹਿਣਾ ਚਾਹੁੰਦੇ ਹਾਂ। ਪਰ ਸਵਾਲ ਇਹ ਹੈ ਕਿ ਅਸੀਂ ਇਹ ਸਭ ਕੁਝ ਸਕਾਰਾਤਮਕ ਢੰਗ ਨਾਲ ਕਿਵੇਂ ਕਰ ਸਕਦੇ ਹਾਂ?"

ਡ੍ਰੇਜ ਨੇ ਬੀਬੀਸੀ ਨੂੰ ਦੱਸਿਆ: "ਅਸੀਂ ਲੋਕਾਂ ਨੂੰ ਇਹ ਨਹੀਂ ਦੱਸ ਰਹੇ ਕਿ ਉਨ੍ਹਾਂ ਨੂੰ ਆਪਣੇ ਡਿਵਾਈਸ ਕਿਸੇ ਇੱਕ ਤੈਅ ਤਰੀਕੇ ਨਾਲ ਵਰਤਣੇ ਚਾਹੀਦੇ ਹਨ, ਪਰ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਜ਼ਰੂਰ ਕਰਨਾ ਚਾਹੁੰਦੇ ਹਾਂ ਜੋ ਇਸਦੇ ਇਸਤੇਮਾਲ ਹੋਰ ਵੱਧ ਕੰਟਰੋਲ ਰੱਖਣਾ ਚਾਹੁੰਦੇ ਹਨ।"

ਡ੍ਰੇਜ ਅਤੇ ਕੈਂਬ੍ਰਿਜ ਦੇ ਲੀਵਰਹੂਮ ਸੈਂਟਰ ਫ਼ਾਰ ਦਿ ਫਿਊਚਰ ਆਫ਼ ਇੰਟੈਲੀਜੈਂਸ ਦੇ ਸਾਥੀ ਖੋਜਕਰਤਾ, ਵਰਜਿਨ ਮੀਡੀਆ O2 ਵੱਲੋਂ ਫੰਡ ਕੀਤੀ ਗਈ ਪੰਜ ਸਾਲਾ ਖੋਜ ਦੀ ਇਸ ਪਹਿਲ ਵਿੱਚ ਜਨਰੇਟਿਵ ਏਆਈ ਦੀ ਵਰਤੋਂ ਅਤੇ ਉਸ ਦੇ ਪ੍ਰਭਾਵ ਦੀ ਪੜਚੋਲ ਕਰਨਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)