'ਦਿਨ-ਰਾਤ ਸੋਚਦਾ ਹਾਂ ਕਿਵੇਂ ਕੁੜੀਆਂ ਪੜ੍ਹਾਵਾਂਗਾ, ਕਿਵੇਂ ਵਿਆਹ ਕਰਾਂਗਾ…', ਪੰਜਾਬ 'ਚ ਹੜ੍ਹਾਂ ਦੌਰਾਨ ਬੇਘਰ ਹੋਏ ਲੋਕਾਂ ਦਾ ਹੁਣ ਕੌਣ ਬਣ ਰਿਹਾ ਸਹਾਰਾ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
"ਹੁਣ ਤਾਂ ਬੱਚੇ ਪਾਲਣਾ ਬਹੁਤ ਮੁਸ਼ਕਲ ਹੈ। ਘਰ ਬਣਾਉਣਾ ਤਾਂ ਦੂਰ ਦੀ ਗੱਲ ਹੈ। ਜ਼ਮੀਨ ਦੇ ਸਿਰ ਉੱਤੇ ਘਰ ਬਣਾਉਣਾ ਸੀ ਅਤੇ ਉਹ ਵੀ ਰੁੜ ਗਈ।"
ਕਪੂਰਥਲਾ ਜ਼ਿਲ੍ਹੇ ਦੇ ਬਾਊਪੁਰ ਜਦੀਦ ਦੇ ਵਸਨੀਕ ਪਰਗਟ ਸਿੰਘ ਦੇ ਇਹ ਬੋਲ ਉਸਦੀ ਬੇਵੱਸੀ ਪ੍ਰਗਟ ਕਰ ਰਹੇ ਹਨ।
ਹੜ੍ਹਾਂ ਨੂੰ ਸ਼ਾਂਤ ਹੋਏ ਲਗਭਗ 10 ਮਹੀਨੇ ਹੋ ਚੁੱਕੇ ਹਨ ਪਰ ਹੜ੍ਹਾਂ ਦੀ ਮਾਰ ਝੱਲਣ ਵਾਲੇ ਕਈ ਲੋਕਾਂ ਦੀ ਜ਼ਿੰਦਗੀ ਅਜੇ ਵੀ ਮੁੜ ਲੀਹਾਂ ਉੱਤੇ ਨਹੀਂ ਪਰਤੀ।
ਪਰਗਟ ਸਿੰਘ ਅਜਿਹੇ ਹੜ੍ਹ ਪੀੜਤਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਦੇ ਘਰ ਅਤੇ ਜ਼ਮੀਨ ਹੜ੍ਹਾਂ ਵਿੱਚ ਰੁੜ੍ਹ ਗਏ ਸਨ। ਜਿਸ ਕਰਕੇ ਉਹ ਅਜੇ ਤੱਕ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।
ਆਪਣਾ ਘਰ ਬਣਾਉਣ ਤੋਂ ਅਸਮਰੱਥ ਹੋਣ ਕਰਕੇ ਇਨ੍ਹਾਂ ਹੜ੍ਹ ਪੀੜਤਾਂ ਨੇ ਫਿਲਹਾਲ ਹੋਰਨਾਂ ਲੋਕਾਂ ਦੇ ਘਰਾਂ ਵਿੱਚ ਸ਼ਰਨ ਲਈ ਹੋਈ ਹੈ।
ਖੇਤੀਯੋਗ ਜ਼ਮੀਨ ਘੱਟ ਹੋਣ ਕਰਕੇ ਇਹ ਪਰਿਵਾਰ ਖੇਤੀ ਦੇ ਨਾਲ-ਨਾਲ ਮਜ਼ਦੂਰੀ ਕਰਕੇ ਅਤੇ ਪਸ਼ੂ ਪਾਲ ਕੇ ਆਪਣਾ ਗੁਜ਼ਾਰਾ ਕਰਦੇ ਸਨ।

ਇਨ੍ਹਾਂ ਹੜ੍ਹ ਪੀੜਤਾਂ ਮੁਤਾਬਕ ਉਨ੍ਹਾਂ ਕੋਲ ਜ਼ਮੀਨ ਤਾਂ ਹੁਣ ਨਹੀਂ ਰਹੀ, ਇਸ ਲਈ ਸਿਰਫ਼ ਪਸ਼ੂਆਂ ਦਾ ਦੁੱਧ ਵੇਚ ਕੇ ਅਤੇ ਮਜ਼ਦੂਰੀ ਕਰਕੇ ਹੀ ਇਨ੍ਹਾਂ ਦਾ ਗੁਜ਼ਾਰਾ ਚੱਲਦਾ ਹੈ।
ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਜ਼ਮੀਨ ਅਤੇ ਘਰ ਦਾ ਮੁਆਵਜ਼ਾ ਮਿਲਿਆ ਹੈ ਪਰ ਪੀੜਤ ਪਰਿਵਾਰਾਂ ਮੁਤਾਬਕ ਮੁਆਵਜ਼ੇ ਦੀ ਰਾਸ਼ੀ ਨਾਲ ਜ਼ਿੰਦਗੀ ਮੁੜ ਲੀਹਾਂ ਉੱਤੇ ਨਹੀਂ ਆ ਸਕਦੀ।
ਹਾਲਾਂਕਿ ਹੁਣ ਇਨ੍ਹਾਂ ਨੂੰ ਆਪਣਾ ਘਰ ਬਣਨ ਦੀ ਆਸ ਬੱਝੀ ਹੈ। ਪਿੰਡ ਦੇ ਸਰਪੰਚ ਅਤੇ ਉਸਦੇ ਭਰਾ ਨੇ ਹੜ੍ਹਾਂ ਕਾਰਨ ਆਪਣਾ ਘਰ ਗਵਾਉਣ ਵਾਲੇ ਪੰਜ ਪਰਿਵਾਰਾਂ ਨੂੰ ਆਪਣੀ ਜ਼ਮੀਨ ਵਿੱਚੋਂ 10-10 ਮਰਲੇ ਜਗ੍ਹਾ ਦਿੱਤੀ ਹੈ।
ਜਗ੍ਹਾ ਮਿਲ ਜਾਣ ਕਾਰਨ ਕਈ ਗੈਰ-ਸਰਕਾਰੀ ਸੰਸਥਾਵਾਂ ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਹੁਣ ਅੱਗੇ ਆ ਰਹੀਆਂ ਹਨ ਅਤੇ ਘਰ ਉਸਾਰੇ ਜਾਣ ਦੀ ਸ਼ੁਰੂਆਤ ਹੋਣ ਲੱਗ ਪਈ ਹੈ।
ਜਦੋਂ ਹੜ੍ਹਾਂ ਨੇ ਢਾਹੇ ਆਸ਼ਿਆਨੇ

ਇਨ੍ਹਾਂ ਹੜ੍ਹ ਪੀੜਤਾਂ ਮੁਤਾਬਕ ਪੰਜਾਬ ਵਿੱਚ ਜੁਲਾਈ ਅਤੇ ਸਤੰਬਰ ਮਹੀਨੇ ਆਏ ਹੜ੍ਹਾਂ ਕਾਰਨ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਸਥਿਤ ਪਿੰਡ ਬਾਊਪੁਰ ਜਦੀਦ ਕੋਲ ਬਿਆਸ ਦਰਿਆ ਨੇ ਆਪਣਾ ਰਸਤਾ ਬਦਲ ਲਿਆ ਸੀ।
ਇਸ ਲਈ ਜਿੱਥੇ ਹੁਣ ਬਿਆਸ ਦਰਿਆ ਵੱਗ ਰਿਹਾ ਹੈ, ਉੱਥੇ ਪਹਿਲਾਂ ਉਹਨਾਂ ਦੇ ਘਰ ਅਤੇ ਜ਼ਮੀਨ ਹੁੰਦੀ ਸੀ।
ਇੱਥੇ ਹੁਣ ਇਨ੍ਹਾਂ ਦੇ ਘਰ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ।
ਹੜ੍ਹ ਪੀੜਤਾਂ ਨੂੰ ਭਵਿੱਖ ਦੀ ਚਿੰਤਾ

ਪਰਗਟ ਸਿੰਘ ਕੋਲ ਇੱਕ ਏਕੜ ਦੇ ਆਸ-ਪਾਸ ਜ਼ਮੀਨ ਸੀ। ਉਸਦੇ ਘਰ ਵਿੱਚ ਉਸ ਦੀਆਂ ਕੁੜੀਆਂ, ਪਤਨੀ ਅਤੇ ਮਾਂ ਰਹਿੰਦੇ ਹਨ। ਉਸ ਦੀਆਂ ਕੁੜੀਆਂ ਸਕੂਲ ਵਿੱਚ ਪੜ੍ਹਦੀਆਂ ਹਨ। ਫਿਲਹਾਲ ਉਹ ਪਿੰਡ ਵਿੱਚ ਕਿਸੇ ਹੋਰ ਦੇ ਘਰ ਰਹਿ ਰਹੇ ਹਨ।
ਪਰਗਟ ਸਿੰਘ ਕਹਿੰਦੇ ਹਨ, "ਸਾਡਾ ਘਰ ਵੀ ਨਹੀਂ ਰਿਹਾ। ਜ਼ਮੀਨ ਵੀ ਨਹੀਂ ਰਹੀ, ਜਿਸਦੇ ਸਿਰ ਉੱਤੇ ਗੁਜ਼ਾਰਾ ਚੱਲਦਾ ਸੀ। ਅਸੀਂ ਕਿਸੇ ਦੇ ਘਰ ਰਹਿ ਰਹੇ ਹਾਂ। ਫਿਲਹਾਲ ਅਸੀਂ ਧੱਕੇ ਖਾਣ ਲਈ ਮਜਬੂਰ ਹਾਂ।"
"ਦਿਨ ਰਾਤ ਇਹੀ ਸੋਚਦਾ ਰਹਿੰਦਾ ਹਾਂ ਕਿ ਮੈਂ ਆਪਣੀਆਂ ਕੁੜੀਆਂ ਨੂੰ ਕਿਵੇਂ ਪੜ੍ਹਾਵਾਂਗਾ। ਉਹਨਾਂ ਦਾ ਵਿਆਹ ਕਿਵੇਂ ਕਰਾਂਗਾ। ਦਿਹਾੜੀ ਕਰਕੇ ਗੁਜ਼ਾਰਾ ਨਹੀਂ ਹੁੰਦਾ। ਦਿਹਾੜੀ ਦੇ ਸਿਰ 'ਤੇ ਮੈਂ ਆਪਣਾ ਘਰ ਕਿਵੇਂ ਬਣਾਵਾਂਗਾ।"
ਕਿਸੇ ਹੋਰ ਦੇ ਘਰ ਵਿੱਚ ਕਿਵੇਂ ਹੁੰਦਾ ਗੁਜ਼ਾਰਾ?

ਮਨਜੀਤ ਕੌਰ ਦਾ ਘਰ ਅਤੇ ਜ਼ਮੀਨ ਵੀ ਰੁੜ੍ਹ ਗਈ ਸੀ। ਹੁਣ ਉਹ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਦੇ ਘਰ ਰਹਿ ਰਹੇ ਹਨ।
ਮਨਜੀਤ ਦੇ ਪਰਿਵਾਰ ਵਿੱਚ ਤਿੰਨ ਕੁੜੀਆਂ, ਇੱਕ ਮੁੰਡਾ ਅਤੇ ਪਤੀ ਹਨ। ਪਰਿਵਾਰ ਦੇ ਸਾਰੇ ਮੈਂਬਰ ਪਿਛਲੇ 10 ਮਹੀਨਿਆਂ ਤੋਂ ਇੱਕ ਕਮਰੇ ਵਿੱਚ ਰਹਿ ਰਹੇ ਹਨ। ਇਸ ਕਮਰੇ ਵਿੱਚ ਹੀ ਉਹ ਖਾਣਾ ਬਣਾਉਂਦੇ ਹਨ। ਇਸ ਕਮਰੇ ਵਿੱਚ ਉਨ੍ਹਾਂ ਦਾ ਪੁਰਾਣੇ ਘਰ ਦਾ ਸਮਾਨ ਹੈ, ਜਿਹੜਾ ਉਨ੍ਹਾਂ ਘਰ ਦੇ ਰੁੜ੍ਹ ਜਾਣ ਤੋਂ ਪਹਿਲਾਂ ਕੱਢ ਲਿਆ ਸੀ।
ਮਨਜੀਤ ਕਹਿੰਦੇ ਹਨ, "ਜੇ ਸਾਨੂੰ ਸਰਪੰਚ ਘਰ ਨਾ ਦਿੰਦੇ ਤਾਂ ਅਸੀਂ ਭਟਕਦੇ ਰਹਿਣਾ ਸੀ। ਇਨ੍ਹਾਂ ਨੇ ਸਾਨੂੰ ਛੱਤ ਦਿੱਤੀ ਹੈ ਅਤੇ ਸਾਡੀ ਮਦਦ ਕਰਦੇ ਹਨ। ਪਰ ਆਪਣੇ ਘਰ ਦੀ ਕੋਈ ਰੀਸ ਨਹੀਂ ਹੁੰਦੀ। ਬੇਗਾਨੇ ਘਰੇ ਹਰ ਚੀਜ਼ ਕਰਨ ਲੱਗਿਆ ਹਿਚਕਿਚਾਹਟ ਹੁੰਦੀ ਹੈ।"

"ਬਹੁਤ ਦੁੱਖ ਹੁੰਦਾ ਹੈ। ਜੇਕਰ ਸਾਡਾ ਘਰ ਹੁੰਦਾ ਤਾਂ ਅਸੀਂ ਆਪਣੇ ਬੱਚਿਆਂ ਨੂੰ ਲੈਕੇ ਭਟਕਦੇ ਨਾ ਫਿਰਦੇ। ਸ਼ਾਂਤੀ ਨਾਲ ਆਪਣੇ ਘਰ ਰਹਿੰਦੇ। ਘਰ ਦਾ ਢਹਿ ਜਾਣਾ ਕੋਈ ਛੋਟੀ ਗੱਲ ਨਹੀਂ ਹੈ।"
"ਸਾਡੀ ਇੰਨੀ ਆਮਦਨ ਨਹੀਂ ਹੈ ਕਿ ਅਸੀਂ ਜਲਦੀ ਆਪਣਾ ਘਰ ਬਣਾ ਸਕੀਏ। ਜੇ ਸਾਡੇ ਕੋਲ ਪੈਸੇ ਹੁੰਦੇ ਤਾਂ ਹੁਣ ਨੂੰ ਅਸੀਂ ਆਪਣਾ ਘਰ ਬਣਾ ਲੈਣਾ ਸੀ। ਘਰ ਬਣਾਉਣ ਲਈ ਜ਼ਮੀਨ ਵੀ ਚਾਹੀਦੀ ਹੈ ਅਤੇ ਜ਼ਮੀਨ ਮੁੱਲ ਲੈਣ ਦੇ ਪੈਸੇ ਨਹੀਂ ਹਨ।"
"ਮੁਆਵਜ਼ੇ ਨਾਲ ਨਵਾਂ ਘਰ ਨਹੀਂ ਬਣ ਸਕਦਾ"

ਰਾਜ ਕੌਰ ਵੀ ਆਪਣੇ ਪਰਿਵਾਰ ਨਾਲ ਪਿੰਡ ਵਿੱਚ ਕਿਸੇ ਹੋਰ ਦੇ ਘਰ ਰਹਿੰਦੇ ਹਨ। ਉਹ ਵਿਧਵਾ ਹਨ, ਉਨ੍ਹਾਂ ਦੇ ਪਤੀ ਦੀ ਮੌਤ ਕਈ ਸਾਲ ਪਹਿਲਾਂ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਮੁੰਡੇ ਅਤੇ ਇੱਕ ਧੀ ਹੈ।
ਉਹ ਕਹਿੰਦੇ ਹਨ, "ਜਦੋਂ ਘਰ ਦੀ ਯਾਦ ਆਉਂਦੀ ਹੈ ਤਾਂ ਮੈਂ ਬਿਮਾਰ ਹੋ ਜਾਂਦੀ ਹਾਂ। ਸੋਚਦੀ ਹਾਂ ਕਿ ਮੈਂ ਵੀ ਘਰ ਦੀ ਮਾਲਕ ਹੁੰਦੀ ਸੀ ਅਤੇ ਹੁਣ ਧੱਕੇ ਖਾ ਰਹੀ ਹਾਂ। ਇਸ ਲਈ ਮੈਂ ਆਪਣੇ ਪੁਰਾਣੇ ਘਰ ਵੱਲ ਕਦੇ ਨਹੀਂ ਜਾਂਦੀ।"
ਉਹ ਦੱਸਦੇ ਹਨ, "ਸਾਨੂੰ ਘਰ ਅਤੇ ਜ਼ਮੀਨ ਦਾ ਮੁਆਵਜ਼ਾ ਮਿਲਿਆ ਹੈ। ਪਰ ਮੁਆਵਜ਼ਾ ਰਾਸ਼ੀ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਨਹੀਂ ਹੋ ਸਕਦੀ ਤੇ ਨਾ ਹੀ ਨਵਾਂ ਘਰ ਬਣ ਸਕਦਾ ਹੈ।"
ਹੁਣ ਕਿਹੜੀ ਆਸ ਬੱਝੀ?
ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਹੜ੍ਹਾਂ ਕਾਰਨ ਬੇਘਰ ਹੋਏ ਪੰਜ ਪਰਿਵਾਰਾਂ ਨੂੰ 10-10 ਮਰਲੇ ਜਗ੍ਹਾ ਦਿੱਤੀ ਹੈ।
ਇਨ੍ਹਾਂ ਪਰਿਵਾਰਾਂ ਮੁਤਾਬਕ ਹੁਣ ਉਨ੍ਹਾਂ ਨੂੰ ਆਪਣਾ ਘਰ ਬਣਨ ਦੀ ਆਸ ਬੱਝ ਗਈ ਹੈ। ਇਨ੍ਹਾਂ ਪਰਿਵਾਰਾਂ ਨੂੰ ਜ਼ਮੀਨ ਮਿਲਣ ਨਾਲ ਹੁਣ ਇਨ੍ਹਾਂ ਦੇ ਘਰਾਂ ਦੀ ਉਸਾਰੀ ਲਈ ਕਈ ਗੈਰ-ਸਰਕਾਰੀ ਸੰਸਥਾਵਾਂ ਅੱਗੇ ਆ ਰਹੀਆਂ ਹਨ।
ਰਾਜ ਕੌਰ ਕਹਿੰਦੇ ਹਨ, "ਹੁਣ ਸਾਨੂੰ ਆਪਣਾ ਘਰ ਬਣਨ ਦੀ ਉਮੀਦ ਹੈ, ਕਿਉਂਕਿ ਜ਼ਮੀਨ ਦਾ ਹੱਲ ਹੋ ਗਿਆ ਹੈ।"
ਮਨਜੀਤ ਕੌਰ ਕਹਿੰਦੇ ਹਨ, "ਅਸੀਂ ਸਰਪੰਚ ਦੇ ਪਰਿਵਾਰ ਦੇ ਸ਼ੁਕਰਗੁਜ਼ਾਰ ਹਾਂ। ਪਹਿਲਾਂ ਉਨ੍ਹਾਂ ਨੇ ਸਾਨੂੰ ਆਪਣੇ ਘਰ ਰੱਖਿਆ ਅਤੇ ਹੁਣ ਘਰ ਬਣਾਉਣ ਲਈ ਜ਼ਮੀਨ ਦਿੱਤੀ ਹੈ।"
ਮਿਲਖਾ ਸਿੰਘ ਕਹਿੰਦੇ ਹਨ, "ਗੁਰਮੀਤ ਸਿੰਘ ਤੇ ਪਰਮਜੀਤ ਸਿੰਘ ਨੇ ਸਾਨੂੰ ਜਗ੍ਹਾ ਦਿੱਤੀ ਹੈ। ਜਦੋਂ ਸਾਡਾ ਘਰ ਬਣ ਗਿਆ, ਅਸੀਂ ਇੱਥੇ ਪਸ਼ੂ ਰੱਖ ਸਕਾਂਗੇ, ਜਿਸ ਨਾਲ ਸਾਡਾ ਗੁਜ਼ਾਰਾ ਚੱਲ ਜਾਵੇਗਾ।"
ਜ਼ਮੀਨ ਦੇਣ ਵਾਲੇ ਸਰਪੰਚ ਪਰਿਵਾਰ ਨੇ ਕੀ ਕਿਹਾ ?

ਪਰਮਜੀਤ ਸਿੰਘ ਕਹਿੰਦੇ ਹਨ, "ਸਾਡੇ ਇਲਾਕੇ ਵਿੱਚ ਕਈ ਘਰ ਬਿਲਕੁਲ ਖਤਮ ਹੋ ਗਏ ਸਨ। ਇਨ੍ਹਾਂ ਕੋਲ ਜ਼ਮੀਨ ਦਾ ਕੋਈ ਟੁੱਕੜਾ ਨਹੀਂ ਬਚਿਆ। ਜ਼ਮੀਨ ਨਾ ਹੋਣ ਕਰਕੇ ਇਹ ਘਰ ਨਹੀਂ ਬਣਾ ਸਕਦੇ।"
"ਜਦੋਂ ਵੀ ਹੜ੍ਹ ਆਉਂਦੇ ਹਨ ਤਾਂ ਅਸੀਂ ਹੜ੍ਹ ਪੀੜਤਾਂ ਵਾਸਤੇ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੰਦੇ ਹਾਂ। ਇਸ ਲਈ ਅਸੀਂ ਇਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਨੂੰ ਆਪਣੀ ਜ਼ਮੀਨ ਵਿੱਚੋਂ 10-10 ਮਰਲੇ ਜ਼ਮੀਨ ਦਿੱਤੀ ਹੈ ਤਾਂ ਕਿ ਇਹ ਆਪਣਾ ਰਹਿਣ ਬਸੇਰਾ ਬਣਾ ਸਕਣ।"
ਪਰਮਜੀਤ ਸਿੰਘ ਦੇ ਭਰਾ ਅਤੇ ਸਰਪੰਚ ਗੁਰਮੀਤ ਸਿੰਘ ਨੇ ਕਿਹਾ, "ਜਦੋਂ ਇਨ੍ਹਾਂ ਪਰਿਵਾਰਾਂ ਦੇ ਘਰ ਢਹੇ ਸਨ ਤਾਂ ਅਸੀਂ ਇਨ੍ਹਾਂ ਨਾਲ ਖੜ੍ਹਨ ਦਾ ਵਾਅਦਾ ਕੀਤਾ ਸੀ। ਉਸ ਵਾਅਦੇ ਨੂੰ ਪੂਰਾ ਕਰਨ ਲਈ ਹੀ ਅਸੀਂ ਇਨ੍ਹਾਂ ਨੂੰ ਆਪਣੀ ਮਾਲਕੀ ਜ਼ਮੀਨ ਵਿੱਚੋਂ 10-10 ਮਰਲੇ ਜਗ੍ਹਾ ਦਿੱਤੀ ਹੈ।"
ਹੜ੍ਹ ਪੀੜ੍ਹਤਾਂ ਦੇ ਮੁੜ ਵਸੇਬੇ ਬਾਰੇ ਪ੍ਰਸ਼ਾਸਨ ਨੇ ਕੀ ਕਿਹਾ ?

ਇਸ ਮਾਮਲੇ ਵਿੱਚ ਮੁਆਵਜ਼ੇ ਸਬੰਧੀ ਹੋਰ ਜਾਣਕਾਰੀ ਹਾਸਿਲ ਕਰਨ ਲਈ ਬੀਬੀਸੀ ਨਿਊਜ਼ ਪੰਜਾਬੀ ਨੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨਾਲ ਸੰਪਰਕ ਕੀਤਾ।
ਘਰ ਢਹਿਣ ਦੀ ਸੂਰਤ ਵਿੱਚ ਮਿਲਣ ਵਾਲੇ ਮੁਆਵਜ਼ੇ ਬਾਰੇ ਉਨ੍ਹਾਂ ਦੱਸਿਆ, "ਕੁਝ ਕੇਸਾਂ ਵਿੱਚ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਅਤੇ ਕੁਝ ਕੇਸਾਂ ਵਿੱਚ ਪੰਜਾਬ ਸਟੇਟ ਡਿਜ਼ਾਸਟਰ ਫੰਡ ਰਾਹੀਂ ਮੁਆਵਜ਼ਾ ਮਿਲਦਾ ਹੈ। ਮੁਆਵਜ਼ਾ ਮਿਲਣ ਤੋਂ ਬਾਅਦ ਵੀ ਇਹ ਜੋ ਪਰਿਵਾਰ ਮੁੜ ਤੋਂ ਆਪਣਾ ਜੀਵਨ ਸ਼ੁਰੂ ਨਹੀਂ ਕਰ ਪਾ ਰਹੇ ਇਨ੍ਹਾਂ ਦੇ ਕੇਸ ਦੀ ਜ਼ਮੀਨੀ ਪੱਧਰ ਤੋਂ ਜਾਂਚ ਕਰਵਾਵਾਂਗੇ ਕਿ ਕਿਵੇਂ ਇਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













